Punjab School Education Board
ਪਿਆਰੇ ਵਿਦਿਆਰਥੀਓ, ਸੱਤ ਸ਼੍ਰੀ ਅਕਾਲ। ਇਸ ਆਰਟੀਕਲ ਵਿੱਚ ਤੁਸੀਂ ਜਮਾਤ 10ਵੀਂ ਦੇ ਸਿਹਤ ਅਤੇ ਸਰੀਰਕ ਸਿੱਖਿਆ ਦੇ ਸਾਰੇ ਪਾਠਾਂ ਦੇ ਅਭਿਆਸ ਦੀ ਦੁਹਰਾਈ ਕਰ ਸਕਦੇ ਹੋ। ਹੇਠਾਂ ਦਿੱਤੇ ਗਏ ਸਬੰਧਤ ਪਾਠਾਂ ਦੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨਾਂ ਪਾਠਾਂ ਦਾ ਅਭਿਆਸ ਨੋਟ ਕਰ ਸਕਦੇ ਹੋ।
ਪਾਠ 1 ਸਰੀਰਿਕ-ਪ੍ਰਨਾਲੀਆਂ ਉੱਤੇ ਕਸਰਤਾਂ ਦੇ ਪ੍ਰਭਾਵ (Effects of Exercise on Body System)
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਮਨੁੱਖੀ ਸਰੀਰ ਇੱਕ ਗੁੰਝਲਦਾਰ______ ਹੈ।
ਉੱਤਰ—ਮਨੁੱਖੀ ਸਰੀਰ ਇੱਕ ਗੁੰਝਲਦਾਰ ਮਸ਼ੀਨ ਹੈ।
ਪ੍ਰਸ਼ਨ 2. ਮਨੁੱਖ ਲਈ ਸਭ ਤੋਂ ਵਧੀਆ ਭੋਜਨ ਕਿਹੜਾ ਹੈ?
ਉੱਤਰ—ਮਨੁੱਖ ਲਈ ਸਭ ਤੋਂ ਵਧੀਆ ਭੋਜਨ ਪੌਸ਼ਟਿਕ ਭੋਜਨ ਹੁੰਦਾ ਹੈ।
ਪ੍ਰਸ਼ਨ 3. ਮਨੁੱਖੀ ਸਰੀਰ ਦੇ ਕੁੱਲ ਭਾਰ ਦਾ 50 ਪ੍ਰਤੀਸ਼ਤ ਭਾਰ ਸਾਡੀਆਂ ਮਾਸਪੇਸ਼ੀਆਂ ਦਾ ਹੁੰਦਾ ਹੈ। (ਸਹੀ/ਗ਼ਲਤ)
ਉੱਤਰ- ਗ਼ਲਤ
ਪ੍ਰਸ਼ਨ 4. ਸਾਡੇ ਸਰੀਰ ਵਿੱਚ ਕਿੰਨੀਆਂ ਮਾਸਪੇਸ਼ੀਆਂ ਹੁੰਦੀਆਂ ਹਨ। (ੳ) 650 ਤੋਂ ਜ਼ਿਆਦਾ (ਅ) 660 (ੲ) 550 (ਸ) 60
ਉੱਤਰ—(ੳ) 650 ਤੋਂ ਜ਼ਿਆਦਾ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. ਲਹੂ ਗੇੜ-ਪ੍ਰਨਾਲੀ ਦੇ ਅੰਗਾਂ ਦੇ ਨਾਂ ਲਿਖੋ।
ਉੱਤਰ—ਲਹੂ ਗੇੜ ਪ੍ਰਨਾਲੀ ਦੇ ਅੰਗ ਹਨ—ਦਿਲ (Heart), ਧਮਣੀਆਂ (Arteries), ਸ਼ਿਰਾਵਾਂ (Veins), ਕੋਸ਼ਿਕਾਵਾਂ (Capillaries) ਅਤੇ
ਲਹੂ (Blood)।
ਪ੍ਰਸ਼ਨ 6. ਮਾਸਪੇਸ਼ੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ।
ਉੱਤਰ—ਮਾਸਪੇਸ਼ੀਆਂ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ—(1) ਇੱਛੁਕ ਮਾਸਪੇਸ਼ੀਆਂ (2)ਅਣਇੱਛੁਕ ਮਾਸਪੇਸ਼ੀਆਂ, (3) ਦਿਲ ਦੀਆਂ ਮਾਸਪੇਸ਼ੀਆਂ।
ਪ੍ਰਸ਼ਨ 7. ਵਾਇਟਲ ਕਪੈਸਟੀ ਬਾਰੇ ਦੱਸੋ।
ਉੱਤਰ—ਇੱਕ ਡੂੰਘਾ ਸਾਹ ਲੈਣ ਮਗਰੋਂ ਹਵਾ ਨੂੰ ਪੂਰੇ ਜ਼ੋਰ ਨਾਲ ਫੇਫੜਿਆਂ ਵਿੱਚੋਂ ਬਾਹਰ ਕੱਢਣ ਦੀ ਕਿਰਿਆ ਨੂੰ ਵਾਇਟਲ ਕਪੈਸਟੀ ਕਹਿੰਦੇ ਹਨ। ਇਸਨੂੰ ਸਪਾਈਰੋਮੀਟਰ (Spirometer) ਨਾਮਕ ਜੰਤਰ ਨਾਲ ਮਾਪਿਆ ਜਾਂਦਾ ਹੈ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 8. ਸਾਹ ਕਿਰਿਆ ਪ੍ਰਨਾਲੀ ਕੀ ਹੈ ? ਸਾਹ ਕਿਰਿਆ ਪ੍ਰਨਾਲੀ ਉੱਤੇ ਕਸਰਤ ਦੇ ਬਾਰੇ ਜਾਣਕਾਰੀ ਦਿਓ?
ਉੱਤਰ—ਸਾਹ ਕਿਰਿਆ ਪ੍ਰਨਾਲੀ (Respiratory System)—ਸਾਹ ਲੈਣ ਅਤੇ ਛੱਡਣ ਦੀ ਕਿਰਿਆ ਨੂੰ ਸਾਹ ਕਿਰਿਆ ਪ੍ਰਣਾਲੀ ਕਿਹਾ ਜਾਂਦਾ ਹੈ। ਸਾਹ ਲੈਣਾ ਸਿਰਫ ਮਨੁੱਖ ਲਈ ਨਹੀਂ ਸਗੋਂ ਸਾਰੇ ਜੀਵ-ਜੰਤੂਆਂ ਨੂੰ ਜਿਊਂਦਾ ਰਹਿਣ ਲਈ ਲੋੜੀਂਦਾ ਹੈ। ਮਨੁੱਖ ਭੋਜਨ ਤੋਂ ਬਗ਼ੈਰ ਤਾਂ ਕੁਝ ਦਿਨਾਂ ਤੱਕ ਜਿਊਂਦਾ ਰਹਿ ਸਕਦਾ ਹੈ ਪਰ ਆਕਸੀਜਨ ਤੋਂ ਬਿਨਾਂ ਕੁਝ ਕੁ ਪਲਾਂ ਵਿੱਚ ਉਸਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ ਜਿਸ ਨਾਲ ਜੀਵ ਦੀ ਮੌਤ ਵੀ ਹੋ ਸਕਦੀ ਹੈ।
ਸਾਹ ਕਿਰਿਆ-ਪ੍ਰਨਾਲੀ ਉੱਤੇ ਕਸਰਤ ਦੇ ਪ੍ਰਭਾਵ:-
1. ਫੇਫੜਿਆਂ ਦੀ ਸਮਰੱਥਾ ਵਿੱਚ ਵਾਧਾ (Increase in Lung Capacity) ਰੋਜ਼ਾਨਾ ਕਸਰਤ ਕਰਨ ਨਾਲ ਵਿਅਕਤੀ ਦੇ ਫੇਫੜਿਆਂ ਦੇ ਅਕਾਰ ਵਿੱਚ ਵਾਧਾ ਹੋਣ ਨਾਲ ਸਾਹ ਦੁਆਰਾ ਜ਼ਿਆਦਾ ਆਕਸੀਜਨ ਫੇਫੜਿਆਂ ਵਿੱਚ ਲੈ ਜਾਈ ਜਾਂਦੀ ਹੈ। ਇਸ ਨਾਲ ਉਹ ਵਿਅਕਤੀ ਇੱਕ ਆਮ ਵਿਅਕਤੀ ਨਾਲੋਂ ਜ਼ਿਆਦਾ ਫੁਰਤੀਲਾ ਤੇ ਚੁਸਤ ਰਹਿੰਦਾ ਹੈ।
2. ਸਾਹ ਗਤੀ ਵਿੱਚ ਬਦਲਾਅ (Change in Respiratory Rate) ਅਰਾਮ ਦੀ ਸਥਿਤੀ ਵਿੱਚ ਇੱਕ ਖਿਡਾਰੀ ਜਾਂ ਕਸਰਤ ਕਰਨ ਵਾਲੇ ਵਿਅਕਤੀ ਦੀ ਸਾਹ ਦਰ ਆਮ ਵਿਅਕਤੀ ਨਾਲੋਂ ਘੱਟ ਹੁੰਦੀ ਹੈ ਪਰ ਘੱਟ ਗਿਣਤੀ ਵਿੱਚ ਸਾਹ ਲੈਣ ਪਿੱਛੋਂ ਵੀ ਜ਼ਿਆਦਾ ਆਕਸੀਜਨ ਸਰੀਰ ਵਿੱਚ ਲੈ ਕੇ ਜਾਣ ਦੀ ਸਮਰੱਥਾ ਰੱਖਦਾ ਹੈ।
3. ਸਾਹ ਮਾਸਪੇਸ਼ੀਆਂ ਵਿੱਚ ਮਜ਼ਬੂਤੀ (Strengthening Respiratory Muscles) ਰੋਜ਼ਾਨਾ ਕਸਰਤ ਕਰਨ ਨਾਲ ਸਾਹ ਕਿਰਿਆ ਨਾਲ ਸੰਬੰਧਿਤ ਮਾਸਪੇਸ਼ੀਆਂ ਜਿਵੇਂ ਫੇਫੜਿਆਂ ਦੀਆਂ ਮਾਸਪੇਸ਼ੀਆਂ ਅਤੇ ਡਾਇਅਫ੍ਰਾਮ ਫੇਫੜਿਆਂ ਨੂੰ ਜ਼ਿਆਦਾ ਫੁੱਲਣ ਵਿੱਚ ਮਦਦ ਕਰਦਾ ਹੈ।
4. ਦੂਜੇ ਸਾਹ ਤੋਂ ਬਚਾਅ (Avoids Second Wind)-ਜਦੋਂ ਕੋਈ ਨਵਾਂ ਖਿਡਾਰੀ ਖੇਡ ਸ਼ੁਰੂ ਕਰਦਾ ਹੈ ਤਾਂ ਖੇਡ ਚਾਲੂ ਕਰਨ ਤੋਂ ਕੁਝ ਚਿਰ ਪਿੱਛੇ ਉਸ ਨੂੰ ਥਕਾਵਟ ਅਤੇ ਸਾਹ ਲੈਣ ਵਿੱਚ ਔਖ ਹੋਣ ਲੱਗ ਜਾਂਦੀ ਹੈ। ਉਸ ਦਾ ਦਿਲ ਖੇਡ ਰੋਕ ਦੇਣ ਨੂੰ ਕਰਦਾ ਹੈ। ਸਰੀਰ ਦੀ ਇਸ ਸਥਿਤੀ ਨੂੰ ਦੂਜਾ ਸਾਹ (Second Wind) ਕਹਿੰਦੇ ਹਨ। ਖੇਡ ਨੂੰ ਚਾਲੂ ਰੱਖਣ ਨਾਲ਼ ਸਹਿਜੇ-ਸਹਿਜੇ ਇਹ ਅਵਸਥਾ ਦੂਰ ਹੋ ਜਾਂਦੀ ਹੈ ਅਤੇ ਖਿਡਾਰੀ ਸਧਾਰਨ ਰੂਪ ਵਿੱਚ ਖੇਡਣ ਲੱਗ ਜਾਂਦਾ ਹੈ।
5. ਵਾਈਟਲ ਕਪੈਸਟੀ ਵਿੱਚ ਵਾਧਾ (Increase in Vital Capacity)—ਕਸਰਤ ਕਰਨ ਨਾਲ ਵਿਅਕਤੀ ਦੀ ਵਾਈਟਲ ਕਪੈਸਟੀ ਵੱਧ ਜਾਂਦੀ ਹੈ। ਇਸ ਵਿੱਚ ਵਾਧੇ ਨਾਲ ਸਰੀਰ ਵਿੱਚੋਂ ਕਾਫੀ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਅਤੇ ਬੇਲੋੜੀਆਂ ਗੈਸਾਂ ਦਾ ਨਿਕਾਸ ਹੁੰਦਾ
ਪ੍ਰਸ਼ਨ 9. ਦਿਲ ਬਾਰੇ ਸੰਖੇਪ ਵਰਨਣ ਕਰੋ ਅਤੇ ਧਮਣੀਆਂ, ਸ਼ਿਰਾਵਾਂ ਅਤੇ ਕੋਸ਼ਿਕਾਵਾਂ ਬਾਰੇ ਵੀ ਲਿਖੋ।
ਉੱਤਰ- ਇਹ ਲਹੂ ਦੇ ਗੇੜ ਦਾ ਮੁੱਖ ਅੰਗ ਹੈ ਜੋ ਮਨੁੱਖ ਦੀ ਛਾਤੀ ਦੇ ਖੱਬੇ ਪਾਸੇ ਹੁੰਦਾ ਹੈ। ਬੰਦ ਮੁੱਠੀ ਆਕਾਰ ਦਾ ਇਹ ਅੰਗ ਲੰਬਾਈ ਦੇ ਪੱਖੋਂ ਦੋ ਭਾਗਾਂ ਵਿੱਚ ਵੰਡਿਆ ਹੁੰਦਾ ਹੈ। ਇੱਕ ਹਿੱਸਾ ਫਿਰ ਅੱਗੋਂ ਦੋ ਭਾਗਾਂ ਵਿੱਚ ਉਪਰਲਾ ਅਤੇ ਹੇਠਲਾ ਹੁੰਦਾ ਹੈ। ਉੱਪਰਲੇ ਭਾਗ ਨੂੰ ਆਰੀਕਲ (Auricles) ਅਤੇ ਹੇਠਲੇ ਭਾਗ ਨੂੰ ਵੈਂਟਰੀਕਲ (Ventricles) ਆਖਦੇ ਹਨ। ਸਰੀਰ ਵਿੱਚੋਂ ਅਸ਼ੁੱਧ ਲਹੂ ਵੱਖ-ਵੱਖ ਅੰਗਾਂ ਤੋਂ ਸ਼ਿਰਾਵਾਂ ਰਾਹੀਂ ਦਿਲ ਦੇ ਸੱਜੇ ਰੀਕਲ ਵਿੱਚੋਂ ਅੱਪੜਦਾ ਹੈ ਅਤੇ ਉਪਰੋਂ ਤਿੰਨ ਨੁਕਰੇ ਵਾਲਵ (Tricuspid Valve) ਰਾਹੀਂ ਵੈਂਟਰੀਕਲ ਵਿੱਚ ਅੱਪੜਦਾ ਹੈ ਅਤੇ ਉੱਪਰ ਵਾਪਿਸ ਨਹੀਂ ਜਾ ਸਕਦਾ। ਸੱਜੇ ਵੈਂਟਰੀਕਲ ਤੋਂ ਲਹੂ ਫੇਫੜਾ ਧਮਈ (Pulmonary Artery)) ਰਾਹੀਂ ਫੇਫੜਿਆਂ ਵਿੱਚ ਸ਼ੁੱਧ ਹੋਣ ਲਈ ਜਾਂਦਾ ਹੈ ਅਤੇ ਵਾਪਸੀ 'ਤੇ ਆਕਸੀਜਨ ਨਾਲ ਮਿਲਿਆ ਹੋਇਆ ਸ਼ੁੱਧ ਲਹੂ ਦਿਲ ਦੇ ਖੱਬੇ ਚੀਕਲ ਵਿੱਚ ਆ ਜਾਂਦਾ ਹੈ। ਖੱਬੇ ਆੱਰੀਕਲ ਤੋਂ ਵੈਂਟਰੀਕਲ ਵਿੱਚ ਲਹੂ ਦੋ ਨੁਕਰੇ ਵਾਲਵ (Bicuspid Valve) ਰਾਹੀਂ ਪਹੁੰਚਦਾ ਹੈ। ਖੱਬੇ ਵੈਂਟਰੀਕਲ ਤੋਂ ਲਹੂ ਮਹਾਂਧਮਈ (Arota) ਰਾਹੀ ਸਰੀਰ ਦੇ ਵੱਖ-ਵੱਖ ਅੰਗਾਂ ਵਿੱਚ ਪਹੁੰਚਦਾ ਹੈ। ਇਉਂ ਦਿਲ ਸਰੀਰ ਵਿਚਲੇ ਗੈਦੇ ਲਹੂ ਨੂੰ ਸਾਫ਼ ਕਰਕੇ ਮੁੜ ਵੱਖ-ਵੱਖ ਅੰਗਾਂ ਨੂੰ ਸਪਲਾਈ ਕਰਨ ਵਿੱਚ ਸਹਾਇਤਾ ਕਰਦਾ ਹੈ।
ਸ਼ਿਰਾਵਾਂ (Veins)— ਇਹ ਲਹੂ ਨੂੰ ਸਰੀਰ ਤੋਂ ਦਿਲ ਵੱਲ ਲੈ ਕੇ ਆਉਂਦੀਆਂ ਹਨ। ਫੇਫੜਾ ਸ਼ਿਰਾਵਾਂ (Pulmonary Veins) ਤੋਂ ਬਿਨਾਂ ਸਾਰੀਆਂ ਸ਼ਿਰਾਵਾਂ ਵਿੱਚ ਅਸ਼ੁੱਧ ਲਹੂ ਹੁੰਦਾ ਹੈ।
ਕੋਸ਼ਿਕਾਵਾਂ (Capillaries)-ਮਨੁੱਖ ਦੇ ਸਰੀਰ ਵਿੱਚ ਬਹੁਤ ਹੀ ਬਰੀਕ ਕੋਸ਼ਿਕਾਵਾਂ ਦਾ ਜਾਲ ਵਿਛਿਆ ਹੁੰਦਾ ਹੈ।ਇਹ ਕੋਸ਼ਿਕਾਵਾਂ ਧਮਈਆਂ ਤੋਂ ਅਗੇ ਸ਼ੁੱਧ ਲਹੂ ਨੂੰ ਸਰੀਰ ਦੇ ਹਰ ਇੱਕ ਸੈੱਲ ਤੱਕ ਪਹੁੰਚਾਉਂਦੀਆਂ ਹਨ।
ਧਾਠ 2 ਭੌਤਿਕ ਚਿਕਿੱਤਸਾ (ਫ਼ਿਜ਼ੀਉਥਰੈਪੀ)
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਭੌਤਿਕ ਚਿਕਿਤਸਾ ਇਕ ...................... ਤਰੀਕੇ ਨਾਲ ਇਲਾਜ ਕਰਨ ਦੀ ਪ੍ਰਕਿਰਿਆ ਹੈ।
ਉੱਤਰ—ਭੌਤਿਕ ਚਿਕਿਤਸਾ ਇੱਕ ਕੁਦਰਤੀ ਤਰੀਕੇ ਨਾਲ ਇਲਾਜ ਕਰਨ ਦੀ ਪ੍ਰਕਿਰਿਆ ਹੈ।
ਪ੍ਰਸ਼ਨ 2. ਭੌਤਿਕ ਚਿਕਿਤਸਾ ਵਿੱਚ ਭੌਤਿਕ ਸ਼ਬਦ ਦਾ ਕੀ ਅਰਥ ਹੈ? ਉੱਤਰ-ਸਰੀਰ
ਪ੍ਰਸ਼ਨ 3. ਮਾਲਿਸ਼ ਇਲਾਜ ਦੀ ਇੱਕ ਨਵੀਂ ਵਿਧੀ ਹੈ। (ਸਹੀ/ਗ਼ਲਤ)
ਉੱਤਰ-ਗ਼ਲਤ
ਪ੍ਰਸ਼ਨ 4. ਹਾਈਡਰੋਥੀਰੈਪੀ ਕਿਸ ਨਾਲ ਸੰਬੰਧਿਤ ਹੈ? (ੳ) ਪਾਈ (ਅ) ਚੁੰਬਕ (ੲ) ਬਰਫ਼ (ਸ) ਬਿਜਲੀ
ਉੱਤਰ—(ੳ) ਪਾਈ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. ਭੌਤਿਕ ਚਿਕਿੱਤਸਾ ਦੀ ਪਰਿਭਾਸ਼ਾ ਲਿਖੋ।
ਉੱਤਰ—ਭੌਤਿਕ ਚਿਕਿਤਸਾ ਅਜਿਹਾ ਵਿਗਿਆਨ ਹੈ ਜਿਸ ਵਿੱਚ ਪਾਈ, ਤਾਪ, ਕਿਰਨਾਂ, ਰੌਸ਼ਨੀ, ਬਰਫ਼, ਬਿਜਲਈ ਊਰਜਾ ਅਤੇ ਚੁੰਬਕੀ ਊਰਜਾ ਨਾਲ ਮਰੀਜ਼ ਦਾ ਇਲਾਜ/ਉਪਚਾਰ ਕੀਤਾ ਜਾਂਦਾ ਹੈ।
ਪ੍ਰਸ਼ਨ 6. ਮਾਲਿਸ਼ ਕੀ ਹੈ ?
ਉੱਤਰ—ਮਾਲਿਸ਼ ਇਲਾਜ ਦੀ ਬੜੀ ਪ੍ਰਾਚੀਨ ਵਿਧੀ ਹੈ। ਭੌਤਿਕ ਚਿਕਿੱਤਸਾ/ਫਿਜ਼ੀਉਥਰੈਪੀ ਦਾ ਇਹ ਢੰਗ ਹੱਥਾਂ ਤੇ ਉਂਗਲੀਆਂ ਦੀਆਂ ਹਰਕਤਾ ਦੀ ਅਜਿਹੀ ਕਲਾ ਹੈ ਜਿਸ ਦੀ ਮਦਦ ਨਾਲ ਫੱਟੜ ਨਾੜੀਆਂ ਅਤੇ ਮਾਸਪੇਸ਼ੀਆਂ ਨੂੰ ਮੁੜ ਤੋਂ ਕੰਮ ਕਰਨ ਦੇ ਯੋਗ ਬਣਾਇਆ ਜਾਂਦਾ ਹੈ।
ਪ੍ਰਸ਼ਨ 7, ਰਗੜ ਉੱਤੇ ਨੋਟ ਲਿਖੋ।
ਉੱਤਰ—ਰਗੜ (Friction)-ਰਗੜ ਤੋਂ ਭਾਵ ਉਂਗਲਾਂ ਅਤੇ ਅੰਗੂਠੇ ਦੇ ਪੋਟਿਆਂ ਨਾਲ ਰਗੜ ਪੈਦਾ ਕਰਕੇ ਮਾਲਿਸ਼ ਕਰਨ ਤੋਂ ਹੈ। ਇਸ ਢੰਗ ਨਾਲ ਮਾਸਪੇਸ਼ੀਆਂ ਵਿੱਚ ਖਿਚਾਅ ਅਤੇ ਸੋਜ ਵਾਲੀ ਥਾਂ ਉੱਤੇ ਰਗੜ ਪੈਦਾ ਕਰਕੇ ਮਾਲਿਸ਼ ਕੀਤੀ ਜਾਂਦੀ ਹੈ।
ਪ੍ਰਸ਼ਨ 8. ਬਰਫ਼ ਨਾਲ ਇਲਾਜ ਕਿਵੇਂ ਕੀਤਾ ਜਾਂਦਾ ਹੈ ?
ਉੱਤਰ—ਬਰਫ਼ ਨਾਲ ਇਲਾਜ - ਬਰਫ਼ ਨਾਲ ਇਲਾਜ ਕਰਨ ਦੀ ਵਿਧੀ ਬੜੀ ਹੀ ਪ੍ਰਚਲਿਤ ਹੈ। ਇਸ ਢੰਗ ਵਿੱਚ ਬਰਫ਼ ਨਾਲ ਠੰਢਾ ਕੀਤਾ ਤੌਲੀਆ, ਬਰਫ਼ ਨਾਲ ਮਾਲਿਸ਼ ਅਤੇ ਬਰਫ਼ ਦੇ ਪੈਕਟਾਂ ਦੀ ਵਰਤੋਂ ਕਰਕੇ ਚੋਟਾਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਇਲਾਜ ਦੀ ਵਰਤੋਂ ਨਾਲ ਅੰਦਰੂਨੀ ਲਹੂ ਵਹਾਅ (Internal Bleeding) ਨੂੰ ਰੋਕਣ ਵਿੱਚ ਮਦਦ ਮਿਲਦੀ ਹੈ ਇਸ ਨਾਲ ਪ੍ਰਭਾਵਿਤ ਅੰਗ 'ਤੇ ਸੋਜ ਘੱਟ ਜਾਂਦੀ ਹੈ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 9. ਭੌਤਿਕ ਚਿਕਿਤਸਾ ਦਾ ਖੇਡਾਂ ਵਿੱਚ ਕੀ ਯੋਗਦਾਨ ਹੈ ?
ਉੱਤਰ-ਭੌਤਿਕ ਚਿਕਿਤਸਾ ਦਾ ਖੇਡਾਂ ਵਿੱਚ ਯੋਗਦਾਨ – ਭੌਤਿਕ ਚਿਕਿਤਸਾ ਦਾ ਖੇਡਾਂ ਦੇ ਖੇਤਰ ਵਿਚ ਭਾਰੀ ਯੋਗਦਾਨ ਹੈ। ਖੇਡਾਂ ਸਮੇਂ ਅਕਸਰ ਖਿਡਾਰੀਆਂ ਦੇ ਚੋਟਾਂ ਲੱਗਦੀਆਂ ਰਹਿੰਦੀਆਂ ਹਨ,ਅਜਿਹੇ ਸਮੇਂ ਮੋਚ ਵਾਲੀ ਥਾਂ ਉੱਤੇ ਬਰਫ਼ ਨਾਲ ਮਾਲਿਸ਼ ਕੀਤੀ ਜਾਂਦੀ ਹੈ। ਜੇ ਮੈਚ ਸਧਾਰਨ ਹੋਵੇ ਤਾਂ ਖਿਡਾਰੀ ਜਲਦੀ ਠੀਕ ਹੋ ਜਾਂਦਾ ਹੈ ਪਰ ਜੇ ਮੈਚ ਸਖ਼ਤ ਕਿਸਮ ਦੀ ਹੋਵੇ ਤਾਂ ਭੌਤਿਕ, ਚਿਕਿੱਤਸਾ (Physiotherapy) ਦੇ ਅਲੱਗ-ਅਲੱਗ ਢੰਗਾਂ/ਤਰੀਕਿਆਂ ਦੀ ਵਰਤੋਂ ਕਰਕੇ ਖਿਡਾਰੀ ਦਾ ਇਲਾਜ ਕੀਤਾ ਜਾਂਦਾ ਹੈ ਤਾਂਕਿ ਉਹ ਮੁੜ ਛੇਤੀ ਖੇਡਣ ਦੇ ਲਾਇਕ ਹੋ ਸਕੇ। ਸਧਾਰਨ ਸ਼ਬਦਾਂ ਵਿੱਚ ਭੌਤਿਕ ਚਿਕਿੱਤਸਾ ਇਲਾਜ ਦਾ ਅਜਿਹਾ ਤਰੀਕਾ ਹੈ ਜਿਸ ਵਿੱਚ ਸਰੀਰਿਕ ਕਸਰਤਾਂ, ਮਾਲਿਸ਼, ਠੰਢੇ ਅਤੇ ਗਰਮ ਪਾਈ ਨਾਲ ਇਲਾਜ,ਕਿਰਨਾਂ, ਗਰਮੀ, ਤਾਪ, ਬਿਜਲਈ ਉਪਕਰਨਾਂ ਅਤੇ ਚੁੰਬਕੀ ਊਰਜਾ ਨਾਲ ਇਲਾਜ ਕੀਤਾ ਜਾਂਦਾ ਹੈ। ਇਹ ਤਕਨੀਕ ਮਾਸਪੇਸ਼ੀਆਂ (Muscles), ਤੰਤੂਆਂ (Tissues) ਅਤੇ ਬੰਧਕ ਤੰਦਾਂ (Ligaments) ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਜੋੜਾਂ ਦੇ ਫੌਰਨ ਇਲਾਜ ਵਿੱਚ ਕਾਫੀ ਸਹਾਇਕ ਹੁੰਦੀ ਹੈ। ਖੇਡ ਮੁਕਾਬਲਿਆਂ ਸਮੇਂ ਕਿਸੇ ਵੀ ਕਿਸਮ ਦੀਆਂ ਦਰਦ- ਏ-ਨਿਵਾਰਕ ਜਾਂ ਸਰੀਰਕ ਯੋਗਤਾ ਨੂੰ ਵਧਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਨ ਦੀ ਮਨਾਹੀ ਹੈ ਇਸ ਲਈ ਸੱਟ ਲੱਗਣ ਦੇ ਬਾਵਜੂਦ ਖਿਡਾਰੀ ਨੂੰ ਖੇਡ ਮੁਕਾਬਲੇ ਵਿੱਚ ਬਣਾਈ ਰੱਖਣ ਲਈ ਖੇਡ ਚਿਕਿਤਸਕ (Physiotherapist) ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਉਹ ਤਤਕਾਲ ਕੁਦਰਤੀ ਢੰਗਾਂ ਨਾਲ ਇਲਾਜ ਕਰਕੇ ਖਿਡਾਰੀ ਨੂੰ ਤਕਲੀਫ ਤੋਂ ਰਾਹਤ ਦਿੰਦਾ ਹੈ ਅਤੇ ਖਿਡਾਰੀ ਨੂੰ ਖੇਡ-ਮੁਕਾਬਲੇ ਵਿੱਚ ਬਣੇ ਰਹਿਣ ਵਿੱਚ ਮਦਦ ਕਰਦਾ ਹੈ।
ਪ੍ਰਸ਼ਨ 10, ਭੌਤਿਕ ਚਿਕਿਸਤਾ ਦੀਆਂ ਕੋਈ 5 ਤਕਨੀਕਾਂ ਬਾਰੇ ਵਿਸਥਾਰ ਨਾਲ ਲਿਖੋ।
ਉੱਤਰ—ਭੌਤਿਕ ਚਿਕਿਸਤਾ ਦੀਆਂ ਤਕਨੀਕਾਂ-
1. ਇਲਾਜ ਵਾਲੀਆਂ ਕਸਰਤਾਂ –ਇਹ ਭੌਤਿਕ ਚਿਕਿੱਤਸਾ ਦਾ ਅਜਿਹਾ ਢੰਗ ਹੈ, ਜਿਸ ਨਾਲ ਸਰੀਰਿਕ ਵਿਕਾਰਾਂ ਅਤੇ ਅਯੋਗਤਾਵਾਂ ਨੂੰ ਦੂਰ ਕੀਤਾ ਜਾਂਦਾ ਹੈ। ਇਹ ਕਸਰਤਾਂ ਡਾਕਟਰੀ ਸਲਾਹ ਮੁਤਾਬਕ ਹੀ ਕੀਤੀਆਂ ਜਾਂਦੀਆਂ ਹਨ। ਕਸਰਤਾਂ ਦੀ ਕਿਸਮ, ਸਮਾਂ, ਗਿਣਤੀ, ਦੁਹਰਾਈ ਅਤੇ ਅਰਾਮ ਦਾ ਸਮਾਂ ਵੀ ਹਦਾਇਤਾਂ ਮੁਤਾਬਕ ਹੀ ਮਿਥਿਆ ਜਾਂਦਾ ਹੈ।
2. ਪਾਈ ਨਾਲ ਇਲਾਜ - ਗਰਮ ਜਾਂ ਠੰਢੇ ਪਾਣੀ ਦੇ ਅੱਡ-ਅੱਡ ਦਬਾਅ ਦੀ ਵਰਤੋਂ ਕਰਕੇ ਅਤੇ ਪਾਈ ਵਿੱਚ ਕਸਰਤਾਂ ਕਰਕੇ ਇਲਾਜ ਕਰਨ ਦੇ ਢੰਗ ਨੂੰ ਹਾਈਡਰੋਥੈਰੇਪੀ (ਪਾਣੀ ਨਾਲ ਇਲਾਜ) ਕਹਿੰਦੇ ਹਨ। ਇਸ ਤਕਨੀਕ ਨਾਲ ਖਿਡਾਰੀਆਂ ਦੇ ਜੋੜਾਂ ਅਤੇ ਮਾਸਪੇਸ਼ੀਆਂ ਦੇ ਕੰਮ ਕਰਨ ਦੀ ਯੋਗਤਾ ਵਿੱਚ ਵਾਧਾ ਹੁੰਦਾ ਹੈ। ਕਈ ਵਾਰੀ ਵੱਧ ਕੰਮ/ਅਭਿਆਸ ਕਰਨ ਨਾਲ ਮਾਸਪੇਸ਼ੀਆਂ ਵਿੱਚ ਲੈਕਟਿਕ ਐਸਿਡ (Lactic Acid) ਇਕੱਠਾ ਹੋਣ ਨਾਲ ਮਾਸਪੇਸ਼ੀਆਂ ਵਿੱਚ ਅਕੜਾਅ ਮਹਿਸੂਸ ਹੁੰਦਾ ਹੈ। ਗਰਮ ਪਾਈ ਦੀ ਟਕੋਰ ਕਰਨ ਨਾਲ ਲੈਕਟਿਕ ਐਸਿਡ ਇੱਕ ਥਾਂ ਇਕੱਠਾ ਨਹੀਂ ਹੁੰਦਾ ਜਿਸ ਨਾਲ ਖਿਡਾਰੀ ਰਾਹਤ ਮਹਿਸੂਸ ਕਰਦਾ ਹੈ।
3. ਕਿਰਨਾਂ ਨਾਲ ਇਲਾਜ -ਇਸ ਇਲਾਜ ਦੀ ਵਿਧੀ ਵਿੱਚ ਇਨਫਟਰਾਰੈੱਡ ਕਿਰਨਾਂ ਛੱਡਣ ਵਾਲੇ ਉਪਕਰਨ ਇਨਫਰਾਰੈੱਡ ਲੈਂਪ (Intra red Lamp) ਦੀ ਵਰਤੋਂ ਇਲਾਜ ਵਾਸਤੇ ਕੀਤੀ ਜਾਂਦੀ ਹੈ। ਇਨ੍ਹਾਂ ਕਿਰਨਾਂ ਨਾਲ ਹੱਡੀਆਂ ਨਾਲ ਜੁੜੀਆਂ ਮਾਸਪੇਸ਼ੀਆਂ ਅਤੇ ਜੋੜਾਂ ਨੂੰ ਬੰਨਣ ਵਾਲੀਆਂ ਤੰਦਾਂ ਦਾ ਇਲਾਜ ਕੀਤਾ ਜਾਂਦਾ ਹੈ।
4. ਚੁੰਬਕੀ ਊਰਜਾ ਨਾਲ ਇਲਾਜ - ਇਸ ਢੰਗ ਨੂੰ ਚੁੰਬਕੀ ਖੇਤਰ ਥਰੈਪੀ (Magneto field Therapy) ਵੀ ਕਹਿੰਦੇ ਹਨ। ਇਸ ਵਿਧੀ ਰਾਹੀਂ ਸਰੀਰ ਵਿੱਚ ਕੰਮ ਕਰਨ ਲਈ ਊਰਜਾ ਇਕੱਠੀ ਕੀਤੀ ਜਾਂਦੀ ਹੈ। ਸਾਡੇ ਸਰੀਰ ਵਿੱਚ ਕਈ ਕਿਸਮ ਦੇ ਚੁੰਬਕ ਮਿਲਦੇ ਹਨ। ਇਨ੍ਹਾਂ ਦੇ ਖਿਲਾਫ਼ ਅੱਡ-ਅੱਡ ਕਿਸਮ ਦੇ ਚੁੰਬਕ ਦੀ ਵਰਤੋਂ ਕਰਕੇ ਜੋੜਾਂ, ਮਾਸਪੇਸ਼ੀਆਂ ਅਤੇ ਹੱਡੀਆਂ ਦੀ ਚਿਕਿੱਤਸਾ ਕੀਤੀ ਜਾਂਦੀ ਹੈ।
5. ਬਿਜਲਈ ਊਰਜਾ ਨਾਲ ਇਲਾਜ - ਬਿਜਲਈ ਊਰਜਾ ਨਾਲ ਇਲਾਜ ਕਰਨ ਲਈ ਕੁਝ ਵਿਸ਼ੇਸ਼ ਉਪਕਰਨਾਂ ਦੀ ਮਦਦ ਨਾਲ ਬਿਜਲਈ ਕਰੰਟ ਦੀ ਵਰਤੋਂ ਕਰਕੇ ਜ਼ਖ਼ਮੀ ਖਿਡਾਰੀ ਦਾ ਇਲਾਜ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਖਿਡਾਰੀ ਦੇ ਸਰੀਰ ਵਿੱਚ ਗਰਮੀ ਪੈਦਾ ਕਰਨ, ਤੰਤੂਆਂ ਦੀ ਮੁਰੰਮਤ ਅਤੇ ਪੀੜਾ ਘੱਟ ਕਰਨ ਅਤੇ ਜ਼ਖ਼ਮੀ ਖਿਡਾਰੀ ਦਾ ਇਲਾਜ ਕਰਨ ਲਈ ਕੀਤੀ ਜਾਂਦੀ ਹੈ। ਇਸ ਤਕਨੀਕ ਦੀ ਵਰਤੋਂ, ਮਾਹਿਰ ਭੌਤਿਕ ਚਿਕਿਤਸਕ ਵੱਲੋਂ ਹੀ ਕੀਤੀ ਜਾਣੀ ਚਾਹੀਦੀ ਹੈ।
ਪਾਠ 3 ਵਾਧਾ ਅਤੇ ਵਿਕਾਸ (Growth and Development)
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਵਾਧਾ ਇੱਕ ____ਪ੍ਰਕਿਰਿਆ ਹੈ।
ਉੱਤਰ—ਵਾਧਾ ਇੱਕ ਕੁਦਰਤੀ ਪ੍ਰਕਿਰਿਆ ਹੈ।
ਪ੍ਰਸ਼ਨ 2. ਵਾਧੇ ਅਤੇ ਵਿਕਾਸ ਲਈ ਕਿਹੋ ਜਿਹਾ ਭੋਜਨ ਲੈਣਾ ਚਾਹੀਦਾ ਹੈ ?
ਉੱਤਰ—ਵਾਧੇ ਅਤੇ ਵਿਕਾਸ ਲਈ ਸੰਤੁਲਿਤ ਭੋਜਨ ਲੈਣਾ ਚਾਹੀਦਾ ਹੈ।
ਪ੍ਰਸ਼ਨ 3. ਵਾਧੇ ਅਤੇ ਵਿਕਾਸ ਦੀ ਪ੍ਰਕਿਰਿਆ ਉੱਪਰ ਵਾਤਾਵਰਨ ਦਾ ਕੋਈ ਪ੍ਰਭਾਵ ਨਹੀਂ ਪੈਂਦਾ। (ਸਹੀ/ਗ਼ਲਤ)
ਉੱਤਰ-ਗ਼ਲਤ।
ਪ੍ਰਸ਼ਨ 4. ਇਨਡੋਮੋਰਫ ਪ੍ਰਕਾਰ ਦੇ ਵਿਅਕਤੀ ਦਾ ਸਰੀਰ ਕਿਹੋ ਜਿਹਾ ਹੁੰਦਾ ਹੈ ?
(ੳ) ਤਕੜਾ (ਅ) ਗੋਲ-ਮਟੋਲ (ੲ) ਸੁਡੌਲ (ਸ) ਲੰਮਾ
ਉੱਤਰ—(ਅ) ਗੋਲ-ਮਟੋਲ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. ਵਿਕਾਸ ਦੀਆਂ ਅਵਸਥਾਵਾਂ ਦੇ ਨਾਂ ਲਿਖੋ।
ਉੱਤਰ—1. ਸ਼ਿਸ਼ੂਕਾਲ (Infancy) (1-6 ਸਾਲ ਤੱਕ)
2. ਬਾਲ ਅਵਸਥਾ (Childhood) (6-12 ਸਾਲ ਤੱਕ)
3. ਕਿਸ਼ੋਰ ਅਵਸਥਾ (Adolesence) (12 ਤੋਂ 18 ਸਾਲ ਤੱਕ)
4. ਬਾਲਗ ਅਵਸਥਾ (Adulthood) (18 ਸਾਲ ਤੋਂ ਉੱਪਰ)
ਪ੍ਰਸ਼ਨ 6. ਕਿਸ਼ੋਰ ਅਵਸਥਾ ਕੀ ਹੈ?
ਉੱਤਰ—ਕਿਸ਼ੋਰ ਅਵਸਥਾ (Adolesence)— ਇਹ ਅਵਸਥਾ 12 ਸਾਲ ਤੋਂ 18 ਸਾਲ ਦੀ ਉਮਰ ਤੱਕ ਹੁੰਦੀ ਹੈ ਜੋਕਿ ਬੱਚੇ ਦੇ ਜੀਵਨ ਦੀ ਬਹੁਤ ਹੀ ਸੰਘਰਸ਼ਸ਼ੀਲ ਅਵਸਥਾ ਹੈ। ਇਹ ਅਵਸਥਾ ਆਉਂਦੇ ਹੀ ਉਸ ਅੰਦਰ ਕਈ ਪ੍ਰਕਾਰ ਦੇ ਸਰੀਰਿਕ ਬਦਲਾਅ ਆਉਣ ਲੱਗਦੇ ਹਨ। ਇਸ ਉਮਰ ਵਿੱਚ ਬੱਚੇ ਨਾਲ ਉਸ ਦੇ ਮਾਂ-ਬਾਪ ਅਤੇ ਅਧਿਆਪਕਾਂ ਨੂੰ ਸਾਰਥਕ ਢੰਗ ਨਾਲ ਵਰਤਾਉ ਕਰਨ ਦੀ ਜ਼ਰੂਰਤ ਪੈਂਦੀ ਹੈ।
ਪ੍ਰਸ਼ਨ 7. ਵਾਧੇ ਤੇ ਵਿਕਾਸ ਵਿੱਚ ਕੀ ਅੰਤਰ ਹੈ ?
ਉੱਤਰ-ਵਾਧੇ ਤੇ ਵਿਕਾਸ ਵਿੱਚ ਅੰਤਰ (Difference between Growth and Development):-
ਵਾਧਾ (Growth)
1. ਇਹ ਪ੍ਰਕਿਰਿਆ ਬੱਚੇ ਦੇ ਜਨਮ ਤੋਂ ਲੈ ਕੇ ਇੱਕ ਖਾਸ ਉਮਰ ਤੱਕ ਚੱਲਦੀ ਹੈ ਅਤੇ ਸਰੀਰਿਕ ਪਰਿਪੱਕਤਾ ਆਉਣ ਉੱਤੇ ਚੁੱਕ ਜਾਂਦੀ ਹੈ।
2. ਇਸ ਨੂੰ ਸਰੀਰ ਦੇ ਅਕਾਰ, ਭਾਰ ਅਤੇ ਲੰਬਾਈ ਵਿੱਚ ਮਾਪਿਆ ਜਾ ਸਕਦਾ ਹੈ।
3. ਵਾਧੇ ਦੀ ਪ੍ਰਕਿਰਿਆ ਦੇ ਅਧੀਨ ਹੋਣ ਵਾਲੇ ਬਦਲਾਅ ਨੂੰ ਸਪੱਸ਼ਟ ਵੇਖਿਆ ਜਾ ਸਕਦਾ ਹੈ।
ਵਿਕਾਸ(Development)
1. ਇਹ ਪ੍ਰਕਿਰਿਆ ਲਗਾਤਾਰ ਜੀਵਨ ਭਰ ਚਲਦੀ ਰਹਿੰਦੀ ਹੈ ਤੇ ਸਰੀਰ ਵਿੱਚ ਪਰਿਪੱਕਤਾ ਆਉਣ ਤੋਂ ਪਿੱਛੋਂ ਵੀ ਚੱਲਦੀ ਰਹਿੰਦੀ ਹੈ।
2. ਸਰੀਰਿਕ ਵਿਕਾਸ ਨੂੰ ਮਾਪਿਆ ਨਹੀਂ ਜਾ ਸਕਦਾ। ਇਸ ਨੂੰ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ। 3. ਵਿਕਾਸ ਵਿੱਚ ਗੁਣਾ-ਤਮਿਕ ਪੱਖ ਹੋਣ ਕਰਕੇ ਇਸਨੂੰ ਦੇਖਿਆ ਨਹੀਂ ਜਾ ਸਕਦਾ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 8. ਵਾਧਾ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦਾ ਵਰਣਨ ਕਰੋ।
ਉੱਤਰ—ਵਾਧੇ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ (Factors Effecting Growth and Development): ਵਾਧਾ ਅਤੇ ਵਿਕਾਸ ਦੋਵੇਂ ਹੀ ਵਿਅਕਤੀ ਦੇ ਜੀਵਨ ਦੇ ਮਹੱਤਵਪੂਰਨ ਪੱਖ ਹਨ। ਇਹ ਹੇਠ ਦਿੱਤੇ ਅਨੁਸਾਰ ਹਨ-
1. ਵੰਸ਼ ਪਰੰਪਰਾ (Heredity)—ਵੰਸ਼ ਪਰੰਪਰਾ ਤੋਂ ਭਾਵ ਉਹ ਗੁਣ ਹਨ ਜਿਹੜੇ ਜਨਮ ਤੋਂ ਹੀ ਵੱਡੇ-ਵੱਡੇਰਿਆਂ ਤੋਂ ਮਿਲੇ ਹੁੰਦੇ ਹਨ। ਅਕਸਰ ਲੰਬੇ ਕੱਦ ਵਾਲੇ ਮਾਂ-ਪਿਓ ਦੀ ਔਲਾਦ ਦਾ ਕੱਦ ਲੰਬਾ ਹੁੰਦਾ ਹੈ। ਇਸ ਤੋਂ ਬਿਨਾਂ ਬੱਚੇ ਦੇ ਜੀਵਨ ਦੇ ਹੋਰ ਪੱਖ ਜਿਵੇਂ ਬੁੱਧੀ, ਸੁਭਾਅ ਤੇ ਵਿਹਾਰ ਆਦਿ ਵੀ ਮਾਂ-ਬਾਪ ਦੇ ਗੁਣਾਂ ਨਾਲ ਮੇਲ ਖਾਂਦੇ ਹਨ।
2. ਸੰਤੁਲਿਤ ਭੋਜਨ ਦਾ ਪ੍ਰਭਾਵ (Influence of Balanced Diet)—ਬੱਚੇ ਦੇ ਵਾਧੇ ਅਤੇ ਵਿਕਾਸ ਲਈ ਸੰਤੁਲਿਤ ਭੋਜਨ ਇੱਕ ਅਹਿਮ ਤੱਤ ਹੈ। ਸੰਤੁਲਿਤ ਭੋਜਨ ਵਿੱਚ ਪੌਸ਼ਟਿਕ ਤੱਤ ਉਚਿਤ ਮਾਤਰਾ ਵਿੱਚ ਹੋਏ ਚਾਹੀਦੇ ਹਨ ਤਾਂ ਕਿ ਬੱਚੇ ਦਾ ਵਾਧਾ ਅਤੇ ਵਿਕਾਸ ਠੀਕ ਤਰੀਕੇ ਨਾਲ ਹੋ ਸਕੇ।
3. ਸਰੀਰਿਕ ਕਸਰਤਾਂ ਦਾ ਪ੍ਰਭਾਵ (Influence of Physical Exercises)-ਬੱਚੇ ਦੇ ਸਰੀਰਿਕ ਅਤੇ ਬੁੱਧੀ ਦੇ ਵਿਕਾਸ ਲਈ ਸਰੀਰਿਕ ਕਸਰਤ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰਿਕ ਮਾਸਪੇਸ਼ੀਆਂ ਮਜਬੂਤ ਹੋ ਜਾਂਦੀਆਂ ਹਨ ਤੇ ਸਰੀਰਿਕ ਕਾਰਜ ਕੁਸ਼ਲਤਾ ਵਿੱਚ ਵਾਧਾ ਹੁੰਦਾ ਹੈ। ਸਰੀਰ ਦੀਆਂ ਸਰੀਰਿਕ ਪ੍ਰਨਾਲੀਆਂ ਆਪੋ ਆਪਣੇ ਕਾਰਜਾਂ ਨੂੰ ਸੁਚੱਜੇ ਢੰਗ ਨਾਲ ਕਰਨ ਲੱਗ ਜਾਂਦੀਆਂ ਹਨ।
4. ਰਸ ਗ੍ਰੰਥੀਆਂ ਦਾ ਪ੍ਰਭਾਵ (Influence of Secretion Glands)-ਸਾਡੇ ਸਰੀਰ ਅੰਦਰ ਗ੍ਰੰਥੀਆਂ ਕਈ ਕਿਸਮ ਦੇ ਰਸ ਪੈਦਾ ਕਰਦੀਆਂ ਹਨ। ਸਾਡੇ ਸਰੀਰ ਵਿੱਚ ਮੌਜੂਦ ਥਾਈਰਾਈਡ ਗ੍ਰੰਥੀ (Thyroid Gland) ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਕਈ ਵਾਰੀ ਇਸ ਗ੍ਰੰਥੀ ਵਿੱਚੋਂ ਅਸਧਾਰਨ ਰਿਸਾਅ ਕਰਕੇ ਸਰੀਰਿਕ ਵਾਧਾ ਅਤੇ ਵਿਕਾਸ ਬੜੀ ਤੀਬਰ ਗਤੀ ਨਾਲ ਹੁੰਦਾ ਹੈ ਜਾਂ ਰੁੱਕ ਜਾਂਦਾ ਹੈ।
5. ਲਿੰਗ-ਫ਼ਰਕ (Gender Gap)-ਕੁੜੀਆਂ ਤੇ ਮੁੰਡਿਆਂ ਦੇ ਸਰੀਰਿਕ ਵਾਧੇ ਅਤੇ ਵਿਕਾਸ ਵਿੱਚ ਲਿੰਗ ਦਾ ਬੜਾ ਫ਼ਰਕ ਹੁੰਦਾ ਹੈ। ਬਚਪਨ ਤੋਂ ਬਾਲਗ ਅਵਸਥਾ ਤੱਕ ਲੜਕੀਆਂ ਵਿੱਚ ਵਾਧਾ ਬੜੀ ਤੇਜ਼ੀ ਨਾਲ ਹੁੰਦਾ ਹੈ ਜਿਸ ਕਾਰਨ ਉਹ ਜਲਦੀ ਹੀ ਜਵਾਨ ਹੋ ਜਾਂਦੀਆਂ ਹਨ। 18 ਸਾਲ ਤਾਈਂ ਵਧੇਰੇ ਕੁੜੀਆਂ ਵਿੱਚ ਵਾਧੇ ਦੀ ਪ੍ਰਕਿਰਿਆ ਪੂਰਨ ਹੋ ਜਾਂਦੀ ਹੈ ਪਰ ਮੁੰਡਿਆਂ ਵਿੱਚ 22 ਸਾਲ ਤਾਈ ਵਾਧੇ ਦੀ ਪ੍ਰਕਿਰਿਆ ਚਲਦੀ ਰਹਿੰਦੀ ਹੈ।
6. ਵਾਤਾਵਰਨ ਦਾ ਪ੍ਰਭਾਵ (Influence of Environment)-ਵਾਧੇ ਅਤੇ ਵਿਕਾਸ ਦੀ ਕਿਰਿਆ ਉੱਤੇ ਵਾਤਾਵਰਨ ਦਾ ਬੜਾ ਅਸਰ ਹੁੰਦਾ ਹੈ। ਜੇ ਬੱਚੇ ਨੂੰ ਘਰ ਅਤੇ ਸਕੂਲ ਵਿੱਚ ਚੰਗਾ ਵਾਤਾਵਰਨ ਉਪਲਬਧ ਹੁੰਦਾ ਹੈ ਤਾਂ ਬੱਚੇ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਠੀਕ ਢੰਗ ਨਾਲ ਹੁੰਦਾ ਹੈ।
ਪ੍ਰਸ਼ਨ 9. ਵਾਧੇ ਅਤੇ ਵਿਕਾਸ ਦੇ ਸਿਧਾਤਾਂ ਦਾ ਸੰਖੇਪ ਵਿੱਚ ਵਰਨਣ ਕਰੋ।
ਉੱਤਰ-ਵਾਧੇ ਅਤੇ ਵਿਕਾਸ ਦੇ ਸਿਧਾਂਤ (Principles of Growth and Develop- ment) :- ਆਧੁਨਿਕ ਕਾਲ ਵਿੱਚ ਨਰੋਏ ਸਮਾਜ ਦੀ ਉਸਾਰੀ ਲਈ ਵਾਧੇ ਅਤੇ ਵਿਕਾਸ ਦੇ ਸਿਧਾਂਤ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਹੈ। ਕੁਝ ਅਹਿਮ ਸਿਧਾਂਤ ਹੇਠ ਲਿਖੇ ਅਨੁਸਾਰ ਹਨ—
1. ਨਿਰੰਤਰਤਾ ਦਾ ਸਿਧਾਂਤ (Principle of Continuity)— ਵਿਅਕਤੀ ਵਿੱਚ ਜਨਮ ਤੋਂ ਮੌਤ ਤਾਈਂ ਵਿਕਾਸ ਦੀ ਕਿਰਿਆ ਨਿਰੰਤਰ ਚਲਦੀ ਰਹਿੰਦੀ ਹੈ। ਇਸ ਸਿਧਾਂਤ ਅਨੁਸਾਰ ਵਿਕਾਸ ਦੀ ਪ੍ਰਕਿਰਿਆ ਕਦੇ ਨਹੀਂ ਰੁਕਦੀ ਜਿਸ ਕਾਰਨ ਮਨੁੱਖ ਵਿੱਚ ਹੌਲੀ-ਹੌਲੀ ਬਦਲਾਅ ਹੁੰਦਾ ਰਹਿੰਦਾ ਹੈ। ਵਿਅਕਤੀ ਦੇ ਰੱਵਈਏ ਵਿੱਚ ਆਏ ਬਦਲਾਅ ਨਾਲ ਵਿਕਾਸ ਦੀ ਰਫ਼ਤਾਰ ਨੂੰ ਵੇਖਿਆ ਜਾ ਸਕਦਾ ਹੈ।
2. ਵਾਧੇ ਅਤੇ ਵਿਕਾਸ ਦੀ ਬੇ-ਤਰਤੀਬੀ ਰਫ਼ਤਾਰ (Unequal Speed of Growth and Development)—ਜੀਵਨ ਵਿੱਚ ਵਾਧੇ ਅਤੇ ਵਿਕਾਸ ਦੀ ਗਤੀ ਇਕਸਾਰ ਨਹੀਂ ਹੁੰਦੀ। ਜੀਵਨ ਦੇ ਅੰਡ-ਅੱਡ ਪੜਾਵਾਂ ਸਮੇਂ ਵਾਧੇ ਅਤੇ ਵਿਕਾਸ ਦੀ ਦਰ ਕਦੇ ਹੌਲੀ ਅਤੇ ਕਦੇ ਤੀਬਰ ਹੁੰਦੀ ਰਹਿੰਦੀ ਹੈ। ਵਾਧੇ ਅਤੇ ਵਿਕਾਸ ਦੀ ਇਹ ਦਰ ਹਰ ਇੱਕ ਬੱਚੇ ਵਿੱਚ ਅਲੱਗ-ਅਲੱਗ ਹੁੰਦੀ ਹੈ।
3. ਅਸਾਨੀ ਤੋਂ ਔਖਿਆਈ ਵੱਲ ਦਾ ਸਿਧਾਂਤ (Principle of Simple to Complex)— ਵਾਧੇ ਅਤੇ ਵਿਕਾਸ ਦਾ ਪਹਿਲਾ ਕਦਮ ਆਮ ਹੁੰਦਾ ਹੈ ਫਿਰ ਇਸ ਪਿੱਛੋਂ ਵਿਕਾਸ ਸਹਿਜੇ-ਸਹਿਜੇ ਔਖੇ ਵੱਲ ਵੱਧਦਾ ਹੈ ਜਿਵੇਂ ਬੱਚਾ ਸਾਰਿਆਂ ਤੋਂ ਪਹਿਲਾਂ ਹੱਥ-ਪੈਰ ਮਾਰਦਾ ਹੈ, ਇਹ ਕਿਰਿਆ ਵਿਕਾਸ ਕਹਾਉਂਦੀ ਹੈ। ਇਸ ਪਿੱਛੋਂ ਜਦੋਂ ਬੱਚਾ ਸਰੀਰਿਕ ਰੂਪ ਵਿੱਚ ਥੋੜ੍ਹਾ ਪਰਿਪੱਕ ਹੋ ਜਾਂਦਾ ਤਾਂ ਉਹ ਆਪਣੀਆਂ ਉਂਗਲਾਂ ਨਾਲ ਵਸਤਾਂ ਚੁੱਕਣ ਦਾ ਜਤਨ ਕਰਦਾ ਹੈ, ਇਸ ਕਿਰਿਆ ਨੂੰ ਖਾਸ ਵਿਕਾਸ ਕਹਿੰਦੇ ਹਨ।
4. ਜੱਦੀ ਗੁਣਾਂ ਦਾ ਸਿਧਾਂਤ (Principle of Heredity Effects) - ਬੱਚੇ ਦੇ ਵਾਧੇ ਤੇ ਵਿਕਾਸ ਉੱਤੇ ਮਾਂ-ਬਾਪ ਰਾਹੀਂ ਪ੍ਰਾਪਤ ਹੋਏ ਜੱਦੀ ਗੁਣਾਂ ਦਾ ਕਾਫ਼ੀ ਅਸਰ ਹੁੰਦਾ ਹੈ। ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਡਾਕਟਰ ਮਾਤਾ-ਪਿਤਾ ਦੇ ਬੱਚੇ ਵੀ ਡਾਕਟਰ ਅਤੇ ਵਕੀਲ ਦੇ ਬੱਚੇ ਵਕੀਲ ਬਣ ਜਾਂਦੇ ਹਨ, ਖਿਡਾਰੀ ਮਾਂ-ਬਾਪ ਦੇ ਬੱਚੇ ਖੇਡਾਂ ਵਿੱਚ ਦੂਜੇ ਬੱਚਿਆਂ ਨਾਲੋਂ ਜ਼ਿਆਦਾ ਪ੍ਰਗਤੀ ਕਰਦੇ ਹਨ।
5. ਆਪਸੀ ਸੰਬੰਧ ਦਾ ਸਿਧਾਂਤ (Principle ofInterrelation)-ਮਨੁੱਖ ਦੇ ਜੀਵਨ ਦੇ ਕਈ ਪੱਖ ਜਿਵੇਂ ਸਮਾਜਿਕ, ਮਾਨਸਿਕ, ਸਰੀਰਿਕ ਅਤੇ ਭਾਵਾਤਮਿਕ ਆਦਿ ਹਨ। ਜੀਵਨ ਦੇ ਹਰ ਇਕ ਪੱਖ ਦਾ ਇੱਕ-ਦੂਜੇ ਨਾਲ ਸੰਬੰਧ ਹੁੰਦਾ ਹੈ ਜੋ ਕਿ ਵਾਧੇ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਜੇ ਕਿਸੇ ਬੱਚੇ ਦਾ ਕੱਦ ਛੋਟਾ ਰਹਿ ਜਾਂਦਾ ਹੈ ਤਾਂ ਉਸ ਦਾ ਅਸਰ ਬੱਚੇ ਦੇ ਮਾਨਸਿਕ ਅਤੇ ਭਾਵਾਤਮਿਕ ਵਿਕਾਸ ਉੱਤੇ ਪੈਂਦਾ ਹੈ।
6. ਨਿੱਜੀ ਭਿੰਨਤਾ ਦਾ ਸਿਧਾਂਤ (Principle of Individual Difference)—ਹਰ ਇੱਕ ਬੱਚੇ ਦੇ ਵਾਧੇ ਅਤੇ ਵਿਕਾਸ ਦੀ ਗਤੀ ਵੱਖ- ਵੱਖ ਹੁੰਦੀ ਹੈ ਕਿਉਂਕਿ ਹਰੇਕ ਬੱਚੇ ਦੇ ਵਾਧੇ ਤੇ ਵਿਕਾਸ ਉੱਤੇ ਵਾਤਾਵਰਨ, ਲਿੰਗ, ਵੰਸ਼ ਅਤੇ ਅਕਲ/ਬੁੱਧੀ ਜਿਹੇ ਵੱਖ-ਵੱਖ ਪੱਖਾਂ ਦਾ ਅਸਰ ਪੈਂਦਾ ਹੈ। ਜੋ ਜੁੜਵੇਂ ਬੱਚਿਆਂ ਨੂੰ ਸਮਾਨ ਭੂਗੋਲਿਕ ਹਾਲਤਾਂ, ਵਾਤਾਵਰਨ ਤੇ ਵੰਸ਼ ਵਿੱਚ ਰੱਖਿਆ ਜਾਵੇ ਤਾ ਉਨ੍ਹਾਂ ਦੇ ਮਾਨਸਿਕ, ਸਰੀਰਿਕ ਅਤੇ ਸਮਾਜਿਕ ਵਿਕਾਸ ਵਿੱਚ ਵੀ ਫ਼ਰਕ ਹੁੰਦਾ ਹੈ ਜੋ ਕਿ ਨਿੱਜੀ ਭਿੰਨਤਾ ਦੇ ਪ੍ਰਭਾਵਾਂ ਕਰਕੇ ਹੁੰਦਾ ਹੈ।
ਉਪਰੋਕਤ ਸਿਧਾਂਤਾਂ ਦੀ ਵਿਆਖਿਆ ਕਰਨ ਪਿਛੋਂ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਸਿਧਾਤਾਂ ਦੇ ਨਾਲ-ਨਾਲ ਕਈ ਸਿਧਾਂਤ ਬੱਚੇ ਦੇ ਵਾਧੇ ਅਤੇ ਵਿਕਾਸ ਨੂੰ ਚੰਗਾ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ।
ਪਾਠ 4 ਜਾਂਚ, ਮਿਣਤੀ ਅਤੇ ਮੁਲਾਂਕਣ (Test, Measurement and Evaluation)
ਅਭਿਆਸ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਗਤੀ ਟੈਸਟ ਨੂੰ ___ ਸਮੇਂ ਵਿੱਚ ਦਰਜ ਕੀਤਾ ਜਾਂਦਾ ਹੈ ?
ਉੱਤਰ-ਸੈਕਿੰਡ।
ਪ੍ਰਸ਼ਨ 2. ਸਕਿਨ ਫ਼ੋਲਡ ਕੈਲੀਪਰ ਮਾਪਣ ਵਾਲਾ ਯੰਤਰ ਕਿਸ ਕੰਮ ਆਉਂਦਾ ਹੈ?
ਉੱਤਰ—ਚਮੜੀ ਦੀ ਮੋਟਾਈ ਮਾਪਣ ਦੇ ਕੰਮ ਆਉਂਦਾ ਹੈ।
ਪ੍ਰਸ਼ਨ 3. ਵੱਧ ਭਾਰ ਵਾਲੇ ਖਿਡਾਰੀ ਗੋਲਾ ਸੁੱਟਣ ਅਤੇ ਕੁਸ਼ਤੀਆਂ ਵਰਗੀਆਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦੇ। (ਸਹੀ/ਗ਼ਲਤ)
ਉੱਤਰ—ਗ਼ਲਤ।
ਪ੍ਰਸ਼ਨ 4. ਗੋਲਡਨ ਬੂਟ ਦਾ ਇਨਾਮ ਕਿਹੜੀ ਖੇਡ ਵਿੱਚ ਦਿੱਤਾ ਜਾਂਦਾ ਹੈ ?
(ੳ) ਫੁੱਟਬਾਲ (ਅ) ਹਾਕੀ (ੲ) ਹੈਂਡਬਾਲ (ਸ) ਬੈਡਮਿੰਟਨ
ਉੱਤਰ—(ੳ) ਫੁੱਟਬਾਲ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. ਟੈੱਸਟ ਕੀ ਹੈ?
ਉੱਤਰ—ਖਿਡਾਰੀ ਦੀ ਉੱਨਤੀ ਅਤੇ ਕੋਚ ਦੀ ਸਿਖਲਾਈ ਦਾ ਪੱਧਰ ਜਾਣਨ ਲਈ ਜਾਂਚ (Test) ਬੜੀ ਜ਼ਰੂਰੀ ਹੁੰਦੀ ਹੈ। ਟੈੱਸਟ/ਜਾਂਚ ਉਹ ਔਜ਼ਾਰ ਹੈ, ਜਿਸ ਦੀ ਮਦਦ ਨਾਲ ਅਸੀਂ ਖਿਡਾਰੀ ਦੀਆਂ ਸਰੀਰਿਕ ਯੋਗਤਾਵਾਂ, ਮਾਨਸਿਕ ਪੱਧਰ ਅਤੇ ਖੇਡ ਨਿਪੁੰਨਤਾਵਾਂ ਵਿੱਚ ਹੋਏ ਸੁਧਾਰਾਂ ਦੇ ਸੰਬੰਧ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਇਹਨਾਂ ਕੁਸ਼ਲਤਾਵਾਂ/ਯੋਗਤਾਵਾਂ ਦਾ ਪਰੀਖਣ ਕਰਨ ਵਾਸਤੇ ਵਿਭਿੰਨ ਤਰ੍ਹਾਂ ਦੇ ਟੈਸ਼ਟ ਤਿਆਰ ਕੀਤੇ ਗਏ ਹਨ।
ਪ੍ਰਸ਼ਨ 6. ਮਨੋਵਿਗਿਆਨਿਕ ਪਰੀਖਣ ਕੀ ਹੈ ?
ਉੱਤਰ-ਮਨੋਵਿਗਿਆਨਿਕ ਪਰੀਖਣ (Psychological Tests)—ਖਿਡਾਰੀਆਂ ਦੇ ਮਾਨਸਿਕ ਪੱਧਰ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਅਤੇ ਖਿਡਾਰੀਆਂ ਦੇ ਦਿਲ ਵਿੱਚ ਖੇਡ ਪ੍ਰਤਿ ਜਿੱਤ-ਹਾਰ ਨੂੰ ਲੈ ਕੇ ਪੈਦਾ ਹੋਏ ਭੈਅ/ਘਬਰਾਹਟ ਦਾ ਗਿਆਨ ਪ੍ਰਾਪਤ ਕਰਨ ਲਈ ਕਈ ਕਿਸਮ ਦੇ ਟੈੱਸਟ ਤਿਆਰ ਕੀਤੇ ਗਏ ਹਨ ਜੋ ਕਿ ਬਹੁ- ਵਿਕਲਪੀ (Multiple Choice) ਉੱਤਰਾਂ ਵਾਲੇ ਪ੍ਰਸ਼ਨ ਹੁੰਦੇ ਹਨ ਜਿਨ੍ਹਾਂ ਵਿੱਚੋਂ ਖਿਡਾਰੀ ਆਪਣੀ ਸਮਝ-ਸੋਚ ਮੁਤਾਬਕ ਉੱਤਰ ਚੁਣ ਸਕਦਾ ਹੈ ਅਤੇ ਉਸ ਦੁਆਰਾ ਦਿੱਤੇ ਗਏ ਉੱਤਰਾਂ ਦੇ ਅਧਾਰ ਉੱਤੇ ਹੀ ਉਸ ਦੀ ਬੌਧਿਕ ਸਮਰੱਥਾ ਦਾ ਨਿਰੀਖਣ ਕੀਤਾ ਜਾਂਦਾ ਹੈ।
ਪ੍ਰਸ਼ਨ 7. ਖਿਡਾਰੀ ਦੀ ਦਰਜਾਬੰਦੀ ਤੋਂ ਕੀ ਭਾਵ ਹੈ ?
ਉੱਤਰ-ਖਿਡਾਰੀਆਂ ਦੀ ਸਮਾਜ ਵਿੱਚ ਆਪਣੀ ਅਲੱਗ ਪਹਿਚਾਣ ਹੁੰਦੀ ਹੈ ਜੋ ਕਿ ਖਿਡਾਰੀਆਂ ਦੀ ਕਈ ਵਰ੍ਹਿਆਂ ਦੀ ਮਿਹਨਤ ਦਾ ਸਿੱਟਾ ਹੁੰਦਾ ਹੈ। ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਦਰਜਾਬੰਦੀ ਟੈੱਸਟ, ਮਿਣਤੀ ਅਤੇ ਮੁਲਾਂਕਣ ਪ੍ਰਕਿਰਿਆ ਦੁਆਰਾ ਕੀਤੀ ਜਾਂਦੀ ਹੈ। ਮਿਸਾਲ ਦੇ ਤੌਰ ਉੱਤੇ ਫੁੱਟਬਾਲ ਦੇ ਵਰਲਡ ਕੱਪ ਸਮੇਂ ‘ਗੋਲਡਨ ਬੂਟ' ਦਾ ਇਨਾਮ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਦੁਨੀਆ ਦੇ ਸਮੁਚੇ ਖਿਡਾਰੀਆਂ ਦੀ ਦਰਜਾਬੰਦੀ ਖਿਡਾਰੀ ਦੇ ਪ੍ਰਦਰਸ਼ਨ ਦੇ ਅਧਾਰ ਉੱਤੇ ਕੀਤੀ ਜਾਂਦੀ ਹੈ।ਖਿਡਾਰੀਆਂ ਦੀ ਦਰਜਾਬੰਦੀ ਵਾਸਤੇ ਖਿਡਾਰੀਆਂ ਦੇ ਪੁਰਾਣੇ ਅਤੇ ਮੌਜੂਦਾ ਰਿਕਾਰਡ ਦੀ ਜ਼ਰੂਰਤ ਹੁੰਦੀ ਹੈ।
ਪ੍ਰਸ਼ਨ 8. ਗਤੀ ਟੈੱਸਟ ਅਤੇ ਚਿੰਨ੍ਹ-ਅਪ ਟੈੱਸਟ ਬਾਰੇ ਜਾਣਕਾਰੀ ਦਿਓ।
ਉੱਤਰ—ਗਤੀ ਟੈੱਸਟ (Speed Test)—ਖਿਡਾਰੀ ਦੀ ਗਤੀ ਦਾ ਨਿਰੀਖਣ ਕਰਨ ਲਈ ਗਤੀ ਟੈੱਸਟ ਕੀਤਾ ਜਾਂਦਾ ਹੈ। ਇਸ ਟੈਸਟ ਵਿੱਚ ਖਿਡਾਰੀ ਨੂੰ 50 ਗਜ਼ ਦੀ ਦੂਰੀ ਦੀ ਦੌੜ ਪੂਰੀ ਤੇਜ਼ ਗਤੀ ਨਾਲ ਲਗਾਉਣ ਲਈ ਕਹਿੰਦੇ ਹਨ। ਖਿਡਾਰੀ ਦੀ ਦੌੜ ਸ਼ੁਰੂ ਕਰਨ ਤੋਂ ਲੈ ਕੇ ਖ਼ਤਮ ਕਰਨ ਤਾਈਂ ਦਾ ਸਮਾਂ ਸੈਕਿੰਡ ਵਿੱਚ ਦਰਜ ਕੀਤਾ ਜਾਂਦਾ ਹੈ ਤਾਂ ਜੋ ਖਿਡਾਰੀ ਦੀ ਸਹੀ ਗਤੀ ਦੀ ਜਾਣਕਾਰੀ ਮਿਲ ਸਕੇ।
ਚਿੰਨ-ਅੱਪ ਟੈੱਸਟ (Chin-Up Test)— ਇਸ ਟੈੱਸਟ ਰਾਹੀਂ ਖਿਡਾਰੀ ਦੀਆਂ ਬਾਹਵਾਂ ਅਤੇ ਮੋਢਿਆਂ ਦੀ ਸਮਰੱਥਾ ਦਾ ਪਤਾ ਲਗਾਇਆ ਜਾਂਦਾ ਹੈ। ਖਿਡਾਰੀ ਇੱਕ ਲੋਹੇ ਦੀ ਰਾਡ ਨਾਲ ਲਟਕਦਾ ਹੋਇਆ ਬਾਹਵਾਂ ਨਾਲ ਸਾਰੇ ਸਰੀਰ ਨੂੰ ਉਤਾਂਹ ਚੁੱਕ ਕੇ ਡੰਡ (Chin-ups) ਮਾਰਦਾ ਹੈ। ਖਿਡਾਰੀ ਦੁਆਰਾ ਮਾਰੇ ਗਏ ਕੁੱਲ ਡੰਡਾਂ ਦੀ ਗਿਣਤੀ ਦੇ ਆਧਾਰ ਉੱਤੇ ਪਰਖ ਕੀਤੀ ਜਾਂਦੀ ਹੈ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 9. ਸਰੀਰਿਕ ਸਿੱਖਿਆ ਵਿੱਚ ਜਾਂਚ, ਮਿਣਤੀ ਅਤੇ ਮੁਲਾਂਕਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਓ।
ਉੱਤਰ—ਸਰੀਰਿਕ ਸਿੱਖਿਆ ਵਿੱਚ ਜਾਂਚ, ਗਿਣਤੀ ਤੇ ਮੁਲਾਂਕਣ ਦੀ ਬੜੀ ਹੀ ਮਹੱਤਵਪੂਰਨ ਭੂਮਿਕਾ ਹੈ। ਇਨ੍ਹਾਂ ਸਾਧਨਾਂ ਦੀ ਮਦਦ ਨਾਲ ਖੇਡ ਮੈਦਾਨਾਂ ਵਿੱਚੋਂ ਖਿਡਾਰੀਆਂ ਦੇ ਅੰਕੜੇ ਇਕੱਠੇ ਕੀਤੇ ਜਾਂਦੇ ਹਨ ਜਿਸ ਨਾਲ ਖਿਡਾਰੀਆਂ ਦੀ ਪ੍ਰਗਤੀ ਅਤੇ ਉਹਨਾਂ ਨੂੰ ਲੋੜੀਂਦੀ ਸਿਖਲਾਈ ਦੇਣ ਦੇ ਸੰਬੰਧ ਵਿੱਚ ਫ਼ੈਸਲਾ ਲਿਆ ਜਾਂਦਾ ਹੈ। ਸਮੇਂ-ਸਮੇਂ ਦੌਰਾਨ ਖਿਡਾਰੀਆਂ ਦੀ ਜਾਂਚ, ਮਿਣਤੀ ਅਤੇ ਮੁਲਾਂਕਣ ਕਰਕੇ ਨਿਰੀਖਣ ਕੀਤਾ ਜਾਂਦਾ ਹੈ ਅਤੇ ਸਿਖਲਾਈ ਨਾਲ ਖਿਡਾਰੀ ਉੱਤੇ ਪੈਣ ਵਾਲੇ ਅਸਰਾਂ ਦੇ ਸੰਬੰਧ ਵਿੱਚ ਗਿਆਨ ਹਾਸਲ ਕੀਤਾ ਜਾਂਦਾ ਹੈ। ਖਿਡਾਰੀ ਦੀ ਸਰੀਰਿਕ ਯੋਗਤਾ/ ਕੁਸ਼ਲਤਾ, ਪ੍ਰਦਰਸ਼ਨ ਅਤੇ ਖਿਡਾਰੀ ਦੀ ਪ੍ਰਗਤੀ ਨੂੰ ਮਾਪਣ ਲਈ ਇਹ ਢੰਗ ਬੜੇ ਲਾਜ਼ਮੀ ਹੁੰਦੇ ਹਨ। ਜਾਂਚ, ਮਿਣਤੀ ਅਤੇ ਮੁਲਾਂਕਣ ਦੇ ਅਨੁਸਾਰ ਖਿਡਾਰੀਆ ਦੀ ਅੱਡ-ਅੱਡ ਖੇਡਾਂ ਲਈ ਚੋਣ ਕੀਤੀ ਜਾਂਦੀ ਹੈ। ਇਨ੍ਹਾਂ ਖਿਡਾਰੀਆਂ ਦੇ ਸਿਖਲਾਈ ਪ੍ਰੋਗਰਾਮ ਬਣਾਏ ਜਾਂਦੇ ਹਨ।ਖਿਡਾਰੀ ਉੱਤੇ ਕੀਤੇ ਜਾਣ ਵਾਲੇ ਅੱਡ-ਅੱਡ ਟੈਸਟਾਂ ਦੇ ਆਧਾਰ ਉੱਤੇ ਹੀ ਖਿਡਾਰੀਆਂ ਦੀ ਪ੍ਰਗਤੀ, ਸਿਖਲਾਈ ਢੰਗਾਂ ਦੀ ਚੋਣ, ਖਿਡਾਰੀਆਂ ਦੀਆਂ ਕਮਜ਼ੋਰੀਆਂ ਦੀ ਪਛਾਣ ਅਤੇ ਕੋਚ ਦੀ ਯੋਗਤਾ ਦੇ ਪੈਮਾਨਿਆਂ ਦੀ ਜਾਂਚ ਹੁੰਦੀ ਹੈ।
(i) ਜਾਂਚ (Test)—ਖਿਡਾਰੀ ਦੇ ਵਿਕਾਸ ਅਤੇ ਕੋਚ ਦੀ ਸਿਖਲਾਈ ਦਾ ਪੱਧਰ ਜਾਣਨ ਵਾਸਤੇ ਜਾਂਚ (Test) ਬੜੀ ਹੀ ਜ਼ਰੂਰੀ ਹੁੰਦੀ ਹੈ। ਜਾਂਚ (Test) ਇੱਕ ਅਜਿਹਾ ਔਜ਼ਾਰ ਹੈ ਜਿਸ ਨਾਲ ਅਸੀਂ ਖਿਡਾਰੀ ਦੀਆਂ ਸਰੀਰਿਕ ਕੁਸ਼ਲਤਾਵਾਂ ਜਾਂ ਨਿਪੁੰਨਤਾਵਾਂ, ਖੇਡ ਯੋਗਤਾਵਾਂ ਅਤੇ ਮਾਨਸਿਕ ਪੱਧਰ ਵਿੱਚ ਹੋਏ ਸੁਧਾਰਾਂ ਦੇ ਸੰਬੰਧ ਵਿੱਚ ਗਿਆਨ ਪ੍ਰਾਪਤ ਕਰ ਸਕਦੇ ਹਾਂ। ਖਿਡਾਰੀਆਂ ਦੀਆਂ ਇਨ੍ਹਾਂ ਨਿਪੁੰਨਤਾਵਾਂ ਦਾ ਪਰੀਖਣ ਕਰਨ ਲਈ ਵਿਭਿੰਨ ਤਰ੍ਹਾਂ ਦੇ ਟੈੱਸਟ ਤਿਆਰ ਕੀਤੇ ਗਏ ਹਨ। ਜਿਵੇਂ-1.ਗਤੀ ਟੈੱਸਟ, 2. ਚਿੰਨ-ਅਪ ਟੈਸਟ 3. ਬਰਾਡ ਜੰਪ 4. ਲਚਕ ਟੈੱਸਟ 5 . ਚਮੜੀ ਮੋਟਾਈ ਪਰੀਖਣ ਟੈੱਸਟ 6. ਮਨੋ- ਵਿਗਿਆਨ ਪਰੀਖਣ/ਟੈੱਸਟ। ਇੰਞ ਅਸੀਂ ਵੱਖ-ਵੱਖ ਟੈੱਸਟਾਂ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਖੇਡਾਂ ਵਿੱਚ ਖਿਡਾਰੀ ਦੀ ਨਿਪੁੰਨਤਾ ਦਾ ਸਹੀ ਨਿਰੀਖਣ ਕਰਨ ਲਈ ਟੈੱਸਟਾਂ ਦੀ ਬੜੀ ਮਹਤੱਤਾ ਹੁੰਦੀ ਹੈ।
(ii) ਮਿਣਤੀ (Measurement)-ਜਾਂਚ/ਟੈੱਸਟ ਪਿੱਛੋਂ ਖਿਡਾਰੀ ਦੇ ਮਿਲੇ ਅੰਕੜਿਆਂ ਦਾ ਰਿਕਾਰਡ ਰੱਖਣਾ ਮਿਣਤੀ ਅਖਵਾਉਂਦਾ ਹੈ। ਇਹ ਇੱਕ ਸਿਲਸਿਲੇਵਾਰ ਅਤੇ ਅੰਕੜਿਆਂ ਉੱਤੇ ਅਧਾਰਿਤ ਤਰੀਕਾ ਹੈ। ਇਸ ਨੂੰ ਬੜੇ ਹੀ ਧਿਆਨਪੂਰਵਕ ਲਾਗੂ ਕੀਤਾ ਜਾਂਦਾ ਹੈ।ਇਹ ਖਿਡਾਰੀ ਦੀਆਂ ਵਿਸ਼ੇਸ਼ਤਾਵਾਂ ਅਤੇ ਉਸਦੇ ਹਾਸਲ ਕੀਤੇ ਨਤੀਜਿਆਂ/ਸਿੱਟਿਆਂ ਦਾ ਰਿਕਾਰਡ ਹੁੰਦਾ ਹੈ। ਖਿਡਾਰੀ ਦੀ ਸਰੀਰਿਕ ਕੁਸ਼ਲਤਾ ਤੇ ਬਣਾਵਟ ਅਤੇ ਮਾਨਸਿਕ ਪੱਧਰ ਆਦਿ ਦੀ ਪਰਖ/ਟੈੱਸਟ ਲਈ ਕਰਵਾਏ ਗਏ ਅਲੱਗ-ਅਲੱਗ ਟੈੱਸਟਾਂ ਤੋਂ ਮਿਲੇ ਅੰਕੜਿਆਂ ਨੂੰ ਬੜੇ ਹੀ ਧਿਆਨਪੂਰਵਕ ਇਕੱਠੇ ਕੀਤਾ ਜਾਂਦਾ ਹੈ। ਮਿਸਾਲ ਦੇ ਤੌਰ ਉੱਤੇ ਇੱਕ ਖਿਡਾਰੀ ਨੇ 50 ਮੀਟਰ ਦੀ ਦੌੜ ਕਿਨੇ ਸੈਕਿੰਡ ਵਿੱਚ ਦੌੜੀ, ਖਿਡਾਰੀ ਕਿਲੋ ਫੁੱਟ ਬਰਾਡ ਜੰਪ (Broad Jump) ਲਗਾਉਂਦਾ ਹੈ ਅਤੇ ਖਿਡਾਰੀ ਇੱਕ ਵਾਰ ਵਿੱਚ ਕਿੰਨੇ ਡੰਡ ਮਾਰਦਾ ਹੈ।
(iii) ਮੁਲਾਂਕਣ (Evaluation)—ਮੁਲਾਂਕਣ ਦਾ ਅਰਥ ਹੈ ਜਾਂਚ ਤੋਂ ਮਿਲੀਆਂ ਮਿਣਤੀਆਂ ਦਾ ਲੇਖਾ-ਜੋਖਾ ਕਰਨਾ। ਇਸ ਜ਼ਰੀਏ ਖਿਡਾਰੀ ਤੋਂ ਮਿਲੇ ਅੰਕੜਿਆਂ ਦੀ ਉਸ ਦੇ ਪਿਛਲੇ ਰਿਕਾਰਡ ਨਾਲ ਤੁਲਨਾ ਕਰਕੇ ਇਹ ਜਾਣਿਆ ਜਾਂਦਾ ਹੈ ਕਿ ਖਿਡਾਰੀ ਪਹਿਲਾਂ ਤੋਂ ਪ੍ਰਗਤੀ ਕਰ ਰਿਹਾ ਹੈ ਜਾਂ ਨਹੀਂ। ਇਸ ਨਾਲ ਇੱਕ ਖਿਡਾਰੀ ਦੀ ਦੂਜੇ ਖਿਡਾਰੀ ਨਾਲ ਤੁਲਨਾ ਕੀਤੀ ਜਾਂਦੀ ਹੈ, ਤਾਂ ਕਿ ਦੋਵਾਂ ਖਿਡਾਰੀਆਂ ਵਿਚਲੇ ਅੰਤਰ ਦੀ ਜਾਣਕਾਰੀ ਮਿਲ ਸਕੇ। ਖੇਡਾਂ ਵਿੱਚ ਖਿਡਾਰੀ ਦੀ ਪ੍ਰਗਤੀ ਲਈ ਮੁਲਾਂਕਣ ਬੜਾ ਹੀ ਲਾਜ਼ਮੀ ਹੁੰਦਾ ਹੈ। ਮੁਲਾਂਕਣ ਤੋਂ ਬਗ਼ੈਰ ਖਿਡਾਰੀ ਦੀ ਪ੍ਰਗਤੀ ਅਤੇ ਕੋਚ ਦੀ ਸਿਖਲਾਈ ਦੇ ਪ੍ਰੋਗਰਾਮ ਦੀ ਸਾਰਥਿਕਤਾ ਦਾ ਪਤਾ ਨਹੀਂ ਲਾਇਆ ਜਾ ਸਕਦਾ। ਕਈ ਵਾਰੀ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਖਿਡਾਰੀ ਠੀਕ ਢੰਗ ਨਾਲ ਪ੍ਰਗਤੀ ਨਹੀਂ ਕਰ ਸਕਦਾ। ਜਿਸ ਲਈ ਉਸ ਦੀ ਸਿਖਲਾਈ ਦੇ ਢੰਗ ਵਿਚ ਬਦਲਾਅ ਦੀ ਜ਼ਰੂਰਤ ਹੁੰਦੀ ਹੈ।
ਇਸ ਗੱਲ ਦਾ ਪਤਾ ਸਿਰਫ ਮੁਲਾਂਕਣ ਨਾਲ ਹੀ ਲਾਇਆ ਜਾ ਸਕਦਾ ਹੈ।ਮੁਲਾਂਕਣ ਖਿਡਾਰੀਆਂ ਦੀ ਦਰਜਾਬੰਦੀ ਅਤੇ ਨਵੇਂ-ਨਵੇਂ ਸਿਖਲਾਈ ਪ੍ਰੋਗਰਾਮ ਤਿਆਰ ਕਰਨ ਵਿੱਚ ਸਹਾਇਕ ਹੁੰਦਾ ਹੈ।
ਪ੍ਰਸ਼ਨ 10. ਖਿਡਾਰੀਆਂ ਦੀਆਂ ਯੋਗਤਾਵਾਂ ਦਾ ਪਰੀਖਣ ਕਰਨ ਲਈ ਕਿਸੇ ਤਿੰਨ ਪ੍ਰਕਾਰ ਦੇ ਟੈਸਟਾਂ ਦੀ ਵਿਆਖਿਆ ਕਰੋ।
ਉੱਤਰ—ਖਿਡਾਰੀਆਂ ਦੀਆਂ ਯੋਗਤਾਵਾਂ ਦਾ ਪਰੀਖਣ ਕਰਨ ਲਈ ਅਲੱਗ-ਅਲੱਗ ਕਿਸਮ ਦੇ ਟੈੱਸਟ ਤਿਆਰ ਕੀਤੇ ਗਏ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ :
1. ਗਤੀ ਟੈੱਸਟ
2. ਚਿੰਨ-ਅੱਪ ਟੈੱਸਟ
3. ਬਰਾਡ ਜੰਪ
4. ਲਚਕ ਟੈੱਸਟ
5. ਚਮੜੀ ਮੋਟਾਈ ਟੈੱਸਟ
6. ਮਨੋਵਿਗਿਆਨਿਕ ਟੈੱਸਟ
ਇਹਨਾਂ ਟੈਸਟਾਂ ਵਿੱਚੋਂ ਅਸੀਂ ਤਿੰਨ ਟੈੱਸਟਾਂ ਦਾ ਵਰਨਣ ਹੇਠ ਲਿਖੇ ਅਨੁਸਾਰ ਕਰ ਰਹੇ ਹਾਂ :-
1. ਲਚਕ ਟੈੱਸਟ (Flexibility Test)—ਇਸ ਟੈੱਸਟ ਵਿੱਚ ਖਿਡਾਰੀ ਆਪਣੇ ਦੋਵਾਂ ਪੈਰਾਂ ਨੂੰ ਜੋੜ ਕੇ ਕਿਸੇ ਮਜ਼ਬੂਤ ਪਲੇਟਫ਼ਾਰਮ ਉੱਤੇ ਸਿੱਧਾ ਖੜਾ ਹੁੰਦਾ ਹੈ।ਉਹ ਆਪਣੀਆਂ ਲੱਤਾਂ ਨੂੰ ਬਿਲਕੁਲ ਸਿੱਧਾ ਰੱਖਦੇ ਹੋਏ ਆਪਣੇ ਸਰੀਰ ਦੇ ਉੱਪਰਲੇ ਹਿੱਸੇ ਨੂੰ ਅਗਾਂਹ ਨੂੰ ਝੁਕਾਉਂਦਾ ਹੋਇਆ ਅਤੇ ਆਪਣੇ ਸਰੀਰ ਨੂੰ ਮੋੜਦਾ ਹੋਇਆ ਹੱਥਾਂ ਨਾਲ਼ ਪਲੇਟਫ਼ਾਰਮ ਨੂੰ ਛੂੰਹਦਾ ਹੈ। ਘੱਟੋ ‘ਘੱਟੋ ਦੋ ਸੈਕਿੰਡ ਉਸ ਅਵਸਥਾ ਵਿੱਚ ਰੁਕਦਾ ਹੈ। ਓਨੀ ਹੀ ਉ ਦੀ ਸਰੀਰ ਲਚਕਤਾ ਹੁੰਦੀ ਹੈ, ਖਿਡਾਰੀ ਦੇ ਹੱਥ ਪੈਰਾਂ ਤੋਂ ਜਿੰਨੇ ਹੇਠਾਂ ਜਾਣਗੇ ਉਸਦੀ ਗਿਣਤੀ ਕਰ ਲਈ ਜਾਂਦੀ ਹੈ। ਇਸ ਨਿਰੀਖਣ ਦੌਰਾਨ ਖਿਡਾਰੀ ਦੇ ਗੋਡੇ ਮੁੜਨੇ ਨਹੀਂ ਚਾਹੀਦੇ ਹਨ ਅਤੇ ਲੱਤਾਂ ਬਿਲਕੁਲ ਸਿੱਧੀਆਂ ਰਹਿਣੀਆਂ ਚਾਹੀਦੀਆਂ ਹਨ।
2. ਚਮੜੀ ਮੋਟਾਈ ਟੈੱਸਟ/ਪਰੀਖਣ (Skin Fold Test)—ਚਮੜੀ ਦੀ ਮੋਟਾਈ ਨੂੰ ਮਾਪਣ ਲਈ ਸਕਿਨ ਫ਼ੋਲਡ ਕੈਲੀਪੁਰ (Skin Fold Calliper) ਵਰਤਿਆ ਜਾਂਦਾ ਹੈ। ਇਸ ਔਜ਼ਾਰ ਦੀ ਮਦਦ ਨਾਲ਼ ਖਿਡਾਰੀ ਦੀਆਂ ਬਾਹਵਾਂ, ਛਾਤੀ ਅਤੇ ਪੇਟ ਦੀ ਚਮੜੀ ਦੀ ਮੋਟਾਈ ਮਾਪੀ ਜਾਂਦੀ ਹੈ। ਇਸ ਮਿਣਤੀ ਨਾਲ਼ ਖਿਡਾਰੀ ਦੇ ਸਰੀਰ ਵਿਚਲੀ ਚਰਬੀ ਦਾ ਪਤਾ ਲਗਾਇਆ ਜਾਂਦਾ ਹੈ ਕਿਉਂਕਿ ਅੱਡ-ਅੱਡ ਖੇਡਾਂ ਵਿੱਚ ਸਰੀਰ ਵਿੱਚ ਲੋੜ ਤੋਂ ਜ਼ਿਆਦਾ ਚਰਬੀ ਖੇਡ- ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਦੀ ਹੈ।
3. ਬਰਾਡ ਜੰਪ (Broad Jump)—ਇਹ ਜੰਪ ਕਰਨ ਵਾਸਤੇ ਖਿਡਾਰੀ ਆਪਣੇ ਪੈਰਾਂ ਮੋਢਿਆਂ ਦੀ ਚੌੜਾਈ ਦੇ ਮੁਤਾਬਕ ਖੋਲ੍ਹ ਕੇ ਖੜਾ ਹੁੰਦਾ ਹੈ। ਦੋਵਾਂ ਲੱਤਾਂ ਦਾ ਬਰਾਬਰ ਜ਼ੋਰ ਲਗਾਉਂਦਾ ਹੋਇਆ ਉਹ ਦੋਵਾਂ ਪੈਰਾਂ ਨੂੰ ਇਕੱਠੇ ਕੇ ਕਰਕੇ ਅਗਾਂਹ ਨੂੰ ਛਲਾਂਗ (Jump) ਲਗਾਉਂਦਾ ਹੈ।ਛਲਾਂਗ ਮਾਰਨ ਪਿੱਛੋਂ ਖਿਡਾਰੀ ਵੱਲੋਂ ਤੈਅ ਕੀਤੇ ਫ਼ਾਸਲੇ ਨੂੰ ਮੀਟਰਾਂ ਵਿੱਚ ਮਾਪਿਆ ਜਾਂਦਾ ਹੈ।ਖਿਡਾਰੀ ਵੱਲੋਂ ਤੈਅ ਕੀਤੀ ਗਈ ਦੂਰੀ ਤੋਂ ਖਿਡਾਰੀ ਦੀਆਂ ਟੰਗਾਂ ਦੀ ਸਮਰੱਥਾ ਦਾ ਗਿਆਨ ਹੁੰਦਾ ਹੈ।
ਪਾਠ 5. ਉਲੰਪੀਅਨ ਗੁਰਬਚਨ ਸਿੰਘ ਰੰਧਾਵਾ
ਅਭਿਆਸ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਗੁਰਬਚਨ ਸਿੰਘ ਰੰਧਾਵਾ ਦਾ ਜਨਮ ਸਾਲ ਵਿੱਚ ਹੋਇਆ।
ਉੱਤਰ-1939।
ਪ੍ਰਸ਼ਨ 2. ਕਿਹੜੇ ਸਾਲ ਵਿੱਚ ਗੁਰਬਚਨ ਸਿੰਘ ਸੀ. ਆਰ. ਪੀ. ਐਫ. ਵਿੱਚ ਭਰਤੀ ਹੋਇਆ ?
ਉੱਤਰ—1958 ਵਿੱਚ
ਪ੍ਰਸ਼ਨ 3. 1960 ਦੀਆਂ ਰੋਮ ਉਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਗੁਰਬਚਨ ਸਿੰਘ ਦਾ ਹੌਸਲਾ ਹੋਰ ਵੀ ਵੱਧ ਗਿਆ। (ਸਹੀ/ਗ਼ਲਤ)
ਉੱਤਰ—ਸਹੀ।
ਪ੍ਰਸ਼ਨ 4. ਗੁਰਬਚਨ ਸਿੰਘ ਦੀ ਕਿਹੜੀ ਖੇਡ ਹੈ ?
(ੳ) ਐਥਲੈਟਿਕ (ਅ) ਕਬੱਡੀ (ੲ) ਕ੍ਰਿਕਟ (ਸ) ਹਾਕੀ:
ਉੱਤਰ—(ੳ) ਐਥਲੈਟਿਕ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. ਟੋਕੀਓ ਉਲੰਪਿਕ ਖੇਡਾਂ ਗੁਰਬਚਨ ਸਿੰਘ ਲਈ ਕਿਵੇਂ ਅਹਿਮ ਸਾਬਤ ਹੋਈਆਂ ?
ਉੱਤਰ—ਟੋਕੀਓ ਉਲੰਪਿਕ ਖੇਡਾਂ ਗੁਰਬਚਨ ਸਿੰਘ ਦੇ ਜੀਵਨ ਵਿੱਚ ਬਹੁਤ ਅਹਿਮ ਸਾਬਤ ਹੋਈਆਂ। ਉਸਨੇ ਉਦਘਾਟਨੀ ਸਮਾਰੋਹ ਵਿੱਚ ਤਿਰੰਗਾ ਫੜ ਕੇ ਭਾਰਤੀ ਖਿਡਾਰੀਆਂ ਦੀ ਅਗਵਾਈ ਕੀਤੀ। ਉਹ ਉਲੰਪਿਕ ਖੇਡਾਂ ਦੇ ਇਤਿਹਾਸ ਵਿੱਚ 110 ਮੀਟਰ ਹਰਡਲਜ਼ ਦੇ ਫ਼ਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਏਸ਼ੀਆਈ ਖਿਡਾਰੀ ਸੀ। ਭਾਵੇਂ ਫ਼ਾਈਨਲ ਮੁਕਾਬਲੇ ਵਿੱਚ ਉਹ ਕੋਈ ਤਮਗਾ ਨਹੀਂ ਲੈ ਸਕਿਆ ਪਰ 14 ਸੈਕਿੰਡ ਦੇ ਸਮੇਂ ਨਾਲ ਪੰਜਵੀਂ ਪੁਜ਼ੀਸ਼ਨ ਹਾਸਲ ਕੀਤੀ।
ਪ੍ਰਸ਼ਨ 6. ਗੁਰਬਚਨ ਸਿੰਘ ਦੇ ਮੁੱਢਲੇ ਜੀਵਨ ਬਾਰੇ ਲਿਖੋ।
ਉੱਤਰ—ਗੁਰਬਚਨ ਸਿੰਘ ਰੰਧਾਵਾ ਦਾ ਜਨਮ 6 ਜੂਨ 1939 ਈ. ਨੂੰ ਮਹਿਤਾ ਨੇੜਲੇ ਪਿੰਡ ਨੰਗਲੀ (ਅਮ੍ਰਿਤਸਰ) ਵਿਖੇ ਮੇਜਰ ਟਹਿਲ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਮਾਤਾ ਧਨਵੰਤ ਕੌਰ ਦੀ ਕੁੱਖੋਂ ਹੋਇਆ।ਉਸਦੇ ਪਿਤਾ ਅਤੇ ਵੱਡਾ ਭਰਾ ਹਰਭਜਨ ਸਿੰਘ ਵੀ ਆਪਣੇ ਸਮੇਂ ਦੇ ਪ੍ਰਸਿੱਧ ਐਥਲੀਟ ਸਨ। ਘਰ ਵਿੱਚ ਖੇਡਾਂ ਦਾ ਮਾਹੌਲ ਹੋਣ ਕਰਕੇ ਉਸਨੂੰ ਖੇਡਾਂ ਵਿਰਾਸਤ ਵਿੱਚ ਹੀ ਪ੍ਰਾਪਤ ਹੋਈਆਂ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 7. ਗੁਰਬਚਨ ਸਿੰਘ ਦੇ ਮੁੱਢਲੇ ਜੀਵਨ ਅਤੇ ਖੇਡਾਂ ਪ੍ਰਤਿ ਝੁਕਾਅ ਬਾਰੇ ਚਾਨਣਾ ਪਾਓ।
ਉੱਤਰ—ਗੁਰਬਚਨ ਸਿੰਘ ਰੰਧਾਵਾ ਦਾ ਜਨਮ 6 ਜੂਨ, 1939 ਈ. ਨੂੰ ਮਹਿਤਾ ਨੇੜਲੇ ਪਿੰਡ ਨੰਗਲੀ (ਅੰਮ੍ਰਿਤਸਰ) ਵਿਖੇ ਹੋਇਆ। ਉਸਦੇ ਪਿਤਾ ਅਤੇ ਵੱਡਾ ਭਰਾ ਹਰਭਜਨ ਸਿੰਘ ਵੀ ਆਪਣੇ ਸਮੇਂ ਦੇ ਪ੍ਰਸਿੱਧ ਐਥਲੀਟ ਸਨ। ਘਰ ਵਿੱਚ ਖੇਡਾਂ ਦਾ ਮਾਹੌਲ ਹੋਣ ਕਰਕੇ ਉਸਨੂੰ ਖੇਡਾਂ ਵਿਰਾਸਤ ਵਿੱਚ ਹੀ ਪ੍ਰਾਪਤ ਹੋਈਆਂ। ਗੁਰਬਚਨ ਸਿੰਘ ਨੇ ਫੁੱਟਬਾਲ ਤੇ ਵਾਲੀਬਾਲ ਤੋਂ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਕੀਤੀ। ਉਹ ਸਕੂਲ-ਪੱਧਰ ਉੱਤੇ ਜ਼ਿਲ੍ਹਾ ਖੇਡਾਂ ਦਾ ਜੇਤੂ ਬਣਿਆ। 1956 ਈ. ਵਿੱਚ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਦਾਖ਼ਲ ਹੋ ਕੇ ਉਹ 110 ਮੀਟਰ ਹਰਡਲਜ਼ ਦੌੜ ਵੱਲ ਖਿੱਚਿਆ ਗਿਆ।
ਗੁਰਬਚਨ ਸਿੰਘ ਨੇ ਪਹਿਲੇ ਹੀ ਵਰ੍ਹੇ 110 ਮੀਟਰ ਹਰਡਲ ਦੌੜ ਦਾ ਕਾਲਜ ਰਿਕਾਰਡ ਤੋੜ ਦਿੱਤਾ। ਇਸ ਮਗਰੋਂ ਉਸਨੇ ਲੰਮੀ ਛਾਲ ਵਿੱਚ ਆਪਣੇ ਹੀ ਪਿਓ ਵੱਲੋਂ ਬਣਾਇਆ 20 ਵਰ੍ਹਿਆਂ ਪੁਰਾਣਾ ਰਿਕਾਰਡ ਤੋੜਿਆ। 1957-58 ਈ: ਵਿੱਚ ਪੰਜਾਬ ਯੂਨੀਵਰਸਿਟੀ ਦੀ ਅੰਤਰ ਕਾਲਜ ਐਥਲੈਟਿਕਸ ਮੀਟ ਵਿੱਚ ਉਸਨੇ ਇਕੱਲੇ ਹੀ 5 ਸੋਨ ਤਮਗੇ ਜਿੱਤ ਕੇ ਯੂਨੀਵਰਸਿਟੀ ਦੇ ਬੈਸਟ ਐਥਲੀਟ ਦਾ ਖਿਤਾਬ ਜਿੱਤ ਲਿਆ। ਖਾਲਸਾ ਕਾਲਜ ਦੀ ਪੜ੍ਹਾਈ ਵਿਚਾਲੇ ਹੀ ਛੱਡ ਕੇ ਉਹ 1958 ਈ. ਵਿੱਚ ਸੀ. ਆਰ. ਪੀ. ਐਫ. ਵਿੱਚ ਭਰਤੀ ਹੋ ਗਿਆ। ਇਸ ਉਪਰੰਤ ਉਸ ਦੀ ਖੇਡ ਪ੍ਰਤਿਭਾ ਵਿੱਚ ਹੋਰ ਵੀ ਨਿਖਾਰ ਆਇਆ।ਉਸਨੇ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਕਈ ਮੁਕਾਬਲੇ ਜਿੱਤੇ ਤੇ ਬੈਸਟ ਦੌੜਾਕ ਬਣਿਆ। ਆਲ ਇੰਡੀਆ ਪੁਲਿਸ ਖੇਡਾਂ ਦੇ ਬੈਸਟ ਦੌੜਾਕ ਐਥਲੀਟ ਨੂੰ 'ਹੋਮ ਮਨਿਸਟਰ ਮੈਡਲ' ਮਿਲਦਾ ਸੀ ਜੋ ਉਸ ਨੇ ਲਗਾਤਾਰ 6 ਸਾਲ ਜਿੱਤਿਆ।
ਪ੍ਰਸ਼ਨ 8. ਗੁਰਬਚਨ ਸਿੰਘ ਦੀ ਕੌਮਾਂਤਰੀ ਐਥਲੈਟਿਕਸ ਦੀ ਸ਼ੁਰੂਆਤ ਬਾਰੇ ਅਤੇ ਉਨ੍ਹਾਂ ਨੂੰ ਮਿਲੇ ਸਨਮਾਨਾਂ ਬਾਰੇ ਲਿਖੋ।
ਉੱਤਰ- ਦੇਸ਼ ਦੀ ਐਥਲੈਟਿਕਸ ਵਿੱਚ ਗੁਰਬਚਨ ਸਿੰਘ ਦੀ ਗੁੱਡੀ 21 ਸਾਲਾਂ ਦੀ ਉਮਰ ਵਿੱਚ ਉਦੋਂ ਚੜ੍ਹੀ ਜਦੋਂ ਉਸਨੇ 1960 ਵਿੱਚ ਦਿੱਲੀ ਵਿਖੇ ਹੋਈ ਓਪਨ ਕੰਮੀ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਡਿਕੈਥਲਨ ਦਾ ਕੌਮੀ ਰਿਕਾਰਡ ਦੋੜਦੇ ਹੋਏ ਸੋਨ ਤਮਗਾ ਜਿੱਤਿਆ।
1960 ਦੀਆਂ ਰੋਮ ਉਲੰਪਿਕਸ ਲਈ ਚੁਣੀ ਗਈ ਭਾਰਤੀ ਐਥਲੈਟਿਕ ਟੀਮ ਵਿੱਚ ਉਹ ਸਭ ਤੋਂ ਛੋਟੀ ਉਮਰ ਦਾ ਦੌੜਾਕ ਸੀ। 1962 ਦੀਆਂ ਜਕਾਰਤਾ ਏਸ਼ੀਆਈ ਖੇਡਾਂ ਵਿੱਚ ਉਸਨੇ ਡਿਕੈਥਲਨ ਵਿੱਚ ਸੋਨ ਤਮਗਾ ਪ੍ਰਾਪਤ ਕਰਕੇ ਏਸੀਆ ਦੇ ਬੈਸਟ ਦੌੜਾਕ ਦਾ ਖਿਤਾਬ ਪ੍ਰਾਪਤ ਕੀਤਾ।
1964 ਈ: ਦੀਆਂ ਟੋਕੀਓ ਉਲੰਪਿਕਸ ਵਿੱਚ ਉਸਦੀ ਸ਼ੁਰੂਆਤ ਬੜੀ ਚੰਗੀ ਹੋਈ। ਉਸਨੇ 110 ਮੀਟਰ ਹਰਡਲਜ਼ ਵਿੱਚ ਨਵਾਂ ਕੌਮੀ ਰਿਕਾਰਡ ਬਣਾਇਆ। ਟੋਕੀਓ ਵਿਖੇ ਹੋਈਆਂ ਉਲੰਪਿਕ ਖੇਡਾਂ ਵਿੱਚ ਉਸਨੂੰ ਭਾਰਤੀ ਖੇਡ ਟੀਮ ਦਾ ਕਪਤਾਨ (ਝੰਡਾ-ਬਰਦਾਰ) ਬਣਾਇਆ ਗਿਆ ਜਿਸਨੇ ਇਨ੍ਹਾਂ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਭਾਰਤੀ ਖਿਡਾਰੀਆਂ ਦੀ ਅਗਵਾਈ ਤਿੰਰਗਾ ਫੜ ਕੇ ਕੀਤੀ। ਉਲੰਪਿਕ ਖੇਡ ਇਤਿਹਾਸ ਵਿੱਚ 110 ਮੀਟਰ ਹਰਡਲਜ਼ ਦੇ ਫ਼ਾਈਨਲ ਵਿੱਚ ਪਹੁੰਚਣ ਵਾਲਾ ਉਹ ਪ੍ਰਥਮ ਏਸ਼ੀਆਈ ਦੌੜਾਕ ਸੀ। ਉਹ ਫ਼ਾਈਨਲ ਵਿੱਚ ਭਾਵੇਂ ਕੋਈ ਤਮਗ਼ਾ ਨਾ ਲੈ ਸਕਿਆ ਪਰ ਉਸਦਾ ਪੰਜਵਾਂ ਸਥਾਨ ਲੈਣਾ ਵੀ ਭਾਰਤੀ ਖੇਡਾਂ ਲਈ ਸ਼ੁੱਭ ਸੰਕੇਤ ਸੀ। ਉਸਨੇ 14 ਸੈਕਿੰਡ ਦੇ ਸਮੇਂ ਨਾਲ ਪੰਜਵਾਂ ਸਥਾਨ ਪ੍ਰਾਪਤ ਕਰਨ ਦੇ ਨਾਲ-ਨਾਲ ਰਾਸ਼ਟਰੀ, ਏਸ਼ੀਆਈ ਅਤੇ ਰਾਸ਼ਟਰ ਮੰਡਲ ਖੇਡਾਂ ਦਾ ਨਵਾਂ ਰਿਕਾਰਡ ਬਣਾਇਆ। ਉਹ 1982 ਦੀਆਂ ਏਸ਼ੀਆਈ ਖੇਡਾਂ ਦੌਰਾਨ ਭਾਰਤੀ ਐਥਲੈਟਿਕਸ ਟੀਮ ਦਾ ਕੋਚ ਸੀ।
ਗੁਰਬਚਨ ਸਿੰਘ ਰੰਧਾਵਾ ਨੂੰ ਮਿਲਣ ਵਾਲੇ ਮਾਣ-ਸਨਮਾਨ ਹੇਠ ਲਿਖੇ ਹਨ—
1. ਉਸਨੂੰ 1961 ਵਿੱਚ ਪਹਿਲੇ ਅਰਜੁਨ ਐਵਾਰਡੀ ਹੋਣ ਦਾ ਮਾਣ ਪ੍ਰਾਪਤ ਹੋਇਆ।
2. 1978 ਵਿੱਚ ਸੀ. ਆਰ. ਪੀ. ਐਫ. ਵਿੱਚ ਮਿਸਾਲੀ ਸੇਵਾਵਾਂ ਦੇ ਫਲਸਰੂਪ ‘ਪੁਲਿਸ ਮੈਡਲ ਫ਼ਾਰ ਮੈਰੀਟੋਰੀਅਸ ਸਰਵਿਸਜ਼' ਹਾਸਲ ਕੀਤਾ। 3. 1990 ਵਿੱਚ ਉਹ ਪੁਲਿਸ ਸੇਵਾਵਾਂ ਦੇ ਸਿਖਰਲੇ ਰਾਸ਼ਟਰਪਤੀ ਇਨਾਮ “ਪ੍ਰੈਜ਼ੀਡੈਂਟ ਪੁਲਿਸ ਮੈਡਲ ਫ਼ਾਰ ਡਿਸਟਿੰਗੂਐਸ ਸਰਵਿਸਜ਼" ਨਾਲ ਸਨਮਾਨਿਆ ਗਿਆ।
4. 2005 ਈ. ਵਿੱਚ ਉਸਨੇ ਦੇਸ਼ ਦਾ ਚੌਥਾ ਸਰਵਉੱਚ ਨਾਗਰਿਕ ਸਨਮਾਨ 'ਪਦਮ' ਹਾਸਲ ਕੀਤਾ।
5. 2019 ਵਿੱਚ ਉਹ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਸਰਵਉੱਚ ਐਵਾਰਡ ‘ਮਹਾਰਾਜਾ ਰਣਜੀਤ ਸਿੰਘ ਐਵਾਰਡ' ਨਾਲ ਸਨਮਾਨਿਆ ਗਿਆ।
ਪਾਠ 6. ਭਾਰਤੀ ਸੈਨਾਵਾਂ ਵਿੱਚ ਭਰਤੀ ਅਤੇ ਭਵਿੱਖ
ਅਭਿਆਸ ਦੇ ਪ੍ਰਸ਼ਨ-ਉੱਤਰ
ਪ੍ਰਸ਼ਨ 1. ਦੇਸ ਦੀਆਂ ਤਿੰਨ ਸੈਨਾਵਾਂ ਦੀ ਕਮਾਨ ਦੇ ਹੱਥ ਵਿੱਚ ਹੁੰਦੀ ਹੈ।
ਉੱਤਰ—ਰਾਸ਼ਟਰਪਤੀ।
ਪ੍ਰਸ਼ਨ 2. ਭਾਰਤੀ ਹਵਾਈ ਸੈਨਾ ਦੀ ਸਥਾਪਨਾ ਕਿਹੜੇ ਸਾਲ ਵਿੱਚ ਹੋਈ ?
ਉੱਤਰ—ਭਾਰਤੀ ਹਵਾਈ ਸੈਨਾ ਦੀ ਸਥਾਪਨਾ ਸਾਲ 1932 ਵਿੱਚ ਹੋਈ।
ਪ੍ਰਸ਼ਨ 3. ਭਾਰਤੀ ਤਿੰਨੋਂ ਸੇਨਾਵਾਂ ਵਿੱਚੋਂ ਥਲ ਸੈਨਾ ਦੀ ਗਿਣਤੀ ਸਭ ਤੋਂ ਵੱਧ ਹੈ। (ਸਹੀ/ਗ਼ਲਤ)
ਉੱਤਰ—ਸਹੀ।
ਪ੍ਰਸ਼ਨ 4. ਸਰੀਰਿਕ ਯੋਗਤਾ ਟੈਸਟ ਰਾਹੀਂ ਕਿੰਨੇ ਤਰੀਕਿਆਂ ਨਾਲ ਉਮੀਦਵਾਰ ਯੋਗਤਾ ਦਾ ਨਿਰੀਖਣ ਕੀਤਾ ਜਾਂਦਾ ਹੈ ?
(ੳ)2 (ਅ) 3 (ੲ) 4 (ਸ) 5
ਉੱਤਰ—(ੲ) 4।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. 9 ਫੁੱਟ ਖਾਈ ਟੈੱਸਟ ਕੀ ਹੈ?
ਉੱਤਰ-9 ਫੁੱਟ ਖਾਈ (9 feet trench) ਟੈੱਸਟ ਵਿੱਚ ਉਮੀਦਵਾਰ ਨੇ 9 ਫੁੱਟ ਦੀ ਖਾਈ ਨੂੰ ਛਾਲ (Jump) ਮਾਰ ਕੇ ਪਾਰ ਕਰਨਾ ਹੁੰਦਾ ਹੈ। ਖਾਈ ਪਾਰ ਕਰਨ ਵਾਲੇ ਉਮੀਦਵਾਰ ਅਗਲੇ ਟੈੱਸਟ ਲਈ ਯੋਗ ਮੰਨੇ ਜਾਂਦੇ ਹਨ। ਇਸ ਟੈਸਟ ਦਾ ਕੋਈ ਅੰਕ ਨਹੀਂ ਦਿੱਤਾ ਜਾਂਦਾ। ਸਿਰਫ ਟੈੱਸਟ ਪਾਸ ਕਰਨਾ ਜ਼ਰੂਰੀ ਹੁੰਦਾ ਹੈ।
ਪ੍ਰਸ਼ਨ 6. ਪੰਜਾਬ ਸਰਕਾਰ ਦੁਆਰਾ ਸੈਨਾ ਵਿੱਚ ਭਰਤੀ ਲਈ ਚਲਾਏ ਜਾਣ ਵਾਲੇ ਅਦਾਰਿਆਂ ‘ਤੇ ਨੋਟ ਲਿਖੋ।
ਉੱਤਰ - ਪੰਜਾਬ ਸਰਕਾਰ ਦੁਆਰਾ ਸੈਨਾ ਵਿੱਚ ਅਫ਼ਸਰ ਭਰਤੀ ਹੋਣ ਲਈ ਮੁੰਡਿਆਂ ਲਈ ਮੁਹਾਲੀ ਵਿਖੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਇੰਨਸਟੀਚਿਊਟ ਅਤੇ ਕੁੜੀਆਂ ਲਈ ਮਾਈ ਭਾਗੋ ਆਰਮਡ ਫੋਰਸਿਸ ਇੰਨਸਟੀਚਿਊਟ ਖੋਲ੍ਹੇ ਗਏ ਹਨ। ਇਹਨਾਂ ਦੋਹਾਂ ਸੰਸਥਾਵਾਂ ਵਿੱਚ ਮਾਹਿਰ ਆਧਿਆਪਕਾਂ ਅਤੇ ਅਫ਼ਸਰਾਂ ਦੁਆਰਾ ਭਰਤੀ ਦੀ ਤਿਆਰੀ ਕਰਵਾਈ ਜਾਂਦੀ ਹੈ। ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਇਹ ਦੋਵੇਂ ਸੰਸਥਾਵਾਂ ਭਰਤੀ ਦੇ ਚਾਹਵਾਨਾਂ ਨੂੰ ਬਿਲਕੁਲ ਮੁਫਤ ਸਿਖਲਾਈ ਪ੍ਰਦਾਨ ਕਰਦੀਆਂ ਹਨ।
ਪ੍ਰਸ਼ਨ 7. ਪੈਰਾ ਮਿਲਟਰੀ ਫੋਰਸਿਜ਼ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- ਭਾਰਤੀ ਫ਼ੌਜਾਂ ਦੇ ਤਿੰਨ ਰੂਪ—ਥਲ, ਹਵਾਈ ਤੇ ਜਲ ਸੈਨਾ ਤੋਂ ਇਲਾਵਾ ਦੇਸ਼ ਦੀ ਰਾਖੀ ਕਰਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹੋਰ ਵੀ ਕਈ ਤਰ੍ਹਾਂ ਦੀਆਂ ਫ਼ੋਰਸਿਜ਼ (Forces) ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਫੋਰਸਿਜ਼ ਨੂੰ ਪੈਰਾ ਮਿਲਟਰੀ ਫੋਰਸਿਜ਼ (Para Military Forces) ਕਹਿੰਦੇ ਹਨ। ਇਨ੍ਹਾਂ ਫ਼ੋਰਸਿਜ਼ ਵਿੱਚ ਬਾਰਡਰ ਸਿਕਉਰਟੀ ਫੋਰਸ (BSF), ਸੈਂਟਰਲ ਰਿਜ਼ਰਵ ਪੁਲਿਸ ਫੋਰਸ (C.R.PE.), ਸੈਂਟਰਲ ਇੰਡਸਟਰੀਅਲ ਸਿਕਊਰਟੀ ਫੋਰਸ (C.1.S.F.) ਆਦਿ ਮੁੱਖ ਫੋਰਸਿਜ਼ ਹਨ।
ਪ੍ਰਸ਼ਨ 8. ਭਾਰਤੀ ਜਲ ਸੈਨਾ ‘ਤੇ ਨੋਟ ਲਿਖੋ।
ਉੱਤਰ- 1950 ਵਿੱਚ ਭਾਰਤ ਨੇ ਆਪਣੀ ਅਜ਼ਾਦ ਜਲ ਸੈਨਾ ਗਠਿਤ ਕੀਤੀ ਜਿਸ ਨੂੰ ਭਾਰਤੀ ਜਲ ਸੈਨਾ ਕਿਹਾ ਗਿਆ। ਭਾਰਤ ਦੀਆਂ ਕਈ ਦੇਸ਼ਾਂ ਨਾਲ ਸਮੁੰਦਰੀ ਹੱਦਾਂ ਲੱਗਦੀਆਂ ਹਨ। ਭਾਰਤੀ ਜਲ ਸੈਨਾ ਦਾ ਕਾਰਜ ਆਪਣੇ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨਾ ਅਤੇ ਸਮੁੰਦਰ ਦੁਆਰਾ ਦੇਸ਼ ਨੂੰ ਬਾਹਰਲੇ ਖ਼ਤਰਿਆਂ ਤੋਂ ਬਚਾਉਣਾ ਹੈ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 9. ਖਿਡਾਰੀਆਂ ਲਈ ਸੈਨਾ ਵਿੱਚ ਕੀ ਭਵਿੱਖ ਹੈ? ਵਿਸਥਾਰ ਨਾਲ ਲਿਖੋ।
ਉੱਤਰ - ਖਿਡਾਰੀਆਂ ਲਈ ਸੈਨਾ ਵਿੱਚ ਭਵਿੱਖ (Future in Army for Sportsmen)- ਭਾਰਤੀ ਫ਼ੌਜ, ਖਿਡਾਰੀਆਂ ਲਈ ਬਹੁਤ ਚੰਗੇ ਮੌਕੇ ਦਿੰਦੀ ਹੈ। ਫ਼ੌਜ ਵਿੱਚ ਭਰਤੀ ਹੋਣ ਵਾਲੇ ਖਿਡਾਰੀਆਂ ਨੂੰ ਕੋਚਿੰਗ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਖ਼ਾਸ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਭਾਰਤੀ ਫ਼ੌਜ ਕਈ ਰੈਜੀਮੈਂਟਾਂ ਵਿੱਚ ਵੰਡੀ ਹੋਈ ਹੈ। ਜਿਵੇਂ- ਸਿੱਖ ਰੈਜੀਮੈਂਟ, ਗੋਰਖਾ ਰੈਜੀਮੈਂਟ, ਜਾਟ ਰੈਜੀਮੈਂਟ, ਰਾਜਪੂਤ ਰੈਜ਼ੀਮੈਂਟ ਅਤੇ ਬਿਹਾਰ ਰੈਜੀਮੈਂਟ ਆਦਿ। ਹਰ ਇੱਕ ਰੈਜੀਮੈਂਟ ਦਾ ਆਪਣਾ ਇੱਕ ਖੇਡ ਵਿੰਗ ਹੁੰਦਾ ਹੈ ਜਿਸ ਵਿੱਚ ਭਿੰਨ-ਭਿੰਨ ਖੇਡਾਂ ਦੀਆਂ ਟੀਮਾਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਰੈਜੀਮੈਂਟਾਂ ਦੁਆਰਾ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਫ਼ੌਜ ਵੱਲੋਂ ਵੱਖ-ਵੱਖ ਪੱਧਰ ਉੱਤੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਜਿਨ੍ਹਾਂ ਵਿੱਚ ਰੈਜੀਮੈਂਟਾਂ ਦੇ ਆਪਸੀ ਮੁਕਾਬਲਿਆਂ ਤੋਂ ਲੈ ਕੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲੇ ਸ਼ਾਮਲ ਹਨ। ਹਰ ਸਾਲ ਹੋਣ ਵਾਲੀਆਂ ਕੌਮੀ ਖੇਡਾਂ ਵਿੱਚ ਵੀ ਫ਼ੌਜ ਦੀਆਂ ਟੀਮਾਂ ਹਿੱਸਾ ਲੈਂਦੀਆਂ ਹਨ ਜਿਨ੍ਹਾਂ ਵਿੱਚ ਹਰ ਸਾਲ ਫ਼ੌਜ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਪ੍ਰਸ਼ੰਸਾਯੋਗ ਹੁੰਦਾ ਹੈ। ਹਰੇਕ ਚਾਰ ਵਰ੍ਹੇ ਪਿੱਛੋਂ ਵਿਸ਼ਵ ਮਿਲਟਰੀ ਖੇਡਾਂ (World Military Games) ਦਾ ਆਯੋਜਨ ਕੀਤਾ ਜਾਂਦਾ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਸਾਰੇ ਦੇਸ਼ਾਂ ਦੀਆਂ ਫ਼ੌਜਾਂ ਦੀਆਂ ਟੀਮਾਂ ਹਿੱਸਾ ਲੈਂਦੀਆਂ ਹਨ। ਭਾਰਤੀ ਫ਼ੌਜ ਦੇ ਖਿਡਾਰੀ ਵੀ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ ਅਤੇ ਹੁਣ ਤੱਕ ਕਈ ਮੈਡਲ ਹਾਸਲ ਕਰ ਚੁੱਕੇ ਹਨ।
ਮਿਲਟਰੀ ਖੇਡਾਂ (Military Games) ਤੋਂ ਬਿਨਾਂ ਭਾਰਤੀ ਫ਼ੌਜ ਦੇ ਖਿਡਾਰੀਆਂ ਦਾ ਦੂਜੇ ਮੁਕਾਬਲਿਆਂ ਜਿਵੇਂ ਉਲੰਪਿਕ ਖੇਡਾਂ, ਕਾਮਨਵੈਲਥ ਖੇਡਾਂ, ਏਸ਼ੀਅਨ ਖੇਡਾਂ ਅਤੇ ਸੈਫ ਖੇਡਾਂ ਆਦਿ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। 2020 ਟੋਕੀਓ ਉਲੰਪਿਕ ਖੇਡਾਂ ਵਿੱਚ ਭਾਰਤ ਲਈ ਇੱਕੋ ਇੱਕ ਸੋਨ ਤਮਗਾ ਜਿੱਤਣ ਵਾਲਾ ਖਿਡਾਰੀ ਨੀਰਜ ਚੋਪੜਾ, ਮਿਲਖਾ ਸਿੰਘ (ਉੱਡਣਾ ਸਿੱਖ') ਦਾ ਖੇਡਾਂ ਦੇ ਪ੍ਰਤੀ ਲਗਾਅ ਫ਼ੌਜ ਵਿੱਚ ਭਰਤੀ ਹੋਣ ਪਿੱਛੋਂ ਹੀ ਅਰੰਭ ਹੋਇਆ। ਫ਼ੌਜ ਵਿੱਚ ਸਿਖਲਾਈ ਪ੍ਰਾਪਤ ਕਰਕੇ ਉਹ ਇੱਕ ਸਫਲ ਦੌੜਾਕ ਬਣਿਆ। ਇਸ ਤੋਂ ਇਲਾਵਾ ਮੇਜਰ ਧਿਆਨ ਚੰਦ (ਹਾਕੀ), ਰਾਜ ਵਰਧਨ ਰਾਠੌਰ (ਸ਼ੂਟਿੰਗ), ਜੀਤੂ ਰਾਏ (ਸ਼ੂਟਿੰਗ), ਰਾਮ ਸਿੰਘ ਯਾਦਵ, (ਮੈਰਾਥਨ), ਗੁਰਚਰਨ ਸਿੰਘ (ਬਾਕਸਿੰਗ) ਆਦਿ ਫ਼ੌਜ ਦੇ ਕਈ ਖਿਡਾਰੀਆਂ ਨੇ ਖੇਡਾਂ ਦੇ ਖੇਤਰ ਵਿੱਚ ਸੰਸਾਰ ਪੱਧਰ ਉੱਤੇ ਨਾਮਣਾ ਖੱਟਿਆ ਹੈ।
ਪ੍ਰਸ਼ਨ 10. ਭਾਰਤੀ ਹਵਾਈ ਸੈਨਾ ਬਾਰੇ ਪੂਰਨ ਜਾਣਕਾਰੀ ਦਿਓ।
ਉੱਤਰ—ਭਾਰਤੀ ਹਵਾਈ ਸੋਨਾ (Indian Air Force)—ਇਸ ਸੈਨਾ ਦੀ ਸਥਾਪਨਾ ਸਾਲ 1932 ਵਿੱਚ ਹੋਈ। ਇਸ ਨੇ ਵਿਸ਼ਵ ਦੀਆਂ ਵਧੀਆ ਹਵਾਈ ਫ਼ੌਜਾਂ ਵਿੱਚ ਨਾਮਣਾ ਖੱਟਿਆ ਹੈ। ਇਸ ਫ਼ੌਜ ਦਾ ਮੁੱਖ ਕੰਮ ਦੇਸ਼ ਨੂੰ ਕਿਸੇ ਵੀ ਤਰ੍ਹਾਂ ਦੇ ਹਵਾਈ ਖ਼ਤਰੇ ਤੋਂ ਬਚਾਉਣਾ ਅਤੇ ਜ਼ਰੂਰਤ ਪੈਣ ਉੱਤੇ ਵੈਰੀ ਉੱਤੇ ਹਮਲਾ ਕਰਨਾ ਹੁੰਦਾ ਹੈ।
ਹਵਾਈ ਫ਼ੌਜ ਦੀ ਸੰਖਿਆ ਥਲ ਫ਼ੌਜ ਦੀ ਨਿਸਬਤ ਕਾਫੀ ਘੱਟ ਹੁੰਦੀ ਹੈ ਪਰ ਦੇਸ਼ ਦੀ ਰਾਖੀ ਲਈ ਹਵਾਈ ਫ਼ੌਜ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਭਰਤੀ—ਹਵਾਈ ਫ਼ੌਜ ਵਿੱਚ ਤਕਨੀਕੀ (Technical)-ਅਤੇ ਗੈਰ-ਤਕਨੀਕੀ (Non- Technical) ਦੋ ਗੁੱਟਾਂ ਵਿੱਚ ਏਅਰਮੈਨ (Airman) ਵਜੋਂ ਭਰਤੀ ਹੁੰਦੀ ਹੈ।
(ੳ) ਤਕਨੀਕੀ ਏਅਰਮੈਨ (Technical Airman)—ਹਵਾਈ ਫ਼ੌਜ ਦੀ ਟਰੇਡ ਵਿੱਚ ਭਰਤੀ ਹੋਣ ਲਈ ਉਮੀਦਵਾਰ ਦੀ ਉਮਰ ਸੀਮਾ 17 ਵਰ੍ਹਿਆਂ ਤੋਂ 22 ਵਰ੍ਹਿਆਂ ਦੀ ਹੋਣੀ ਚਾਹੀਦੀ ਹੈ। ਉਸਨੇ 10+2 ਜਮਾਤ ਨਾਨ ਮੈਡੀਕਲ ਵਿਸ਼ੇ ਨਾਲ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ। ਦਸਵੀਂ ਪਾਸ ਕਰਨ ਪਿੱਛੋਂ ਜਿਨ੍ਹਾਂ ਵਿਦਿਆਰਥੀਆਂ ਨੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕ ਜਾਂ ਕੰਪਿਊਟਰ ਆਦਿ ਵਿੱਚ ਤਿੰਨ ਸਾਲਾ ਡਿਪਲੋਮਾ ਹਾਸਲ ਕੀਤਾ ਹੋਵੇ, ਉਹ ਵੀ ਇਸ ਵਰਗ ਵਿੱਚ ਭਰਤੀ ਲਈ ਯੋਗ ਹੁੰਦੇ ਹਨ।
(ਅ) ਗ਼ੈਰ ਤਕਨੀਕੀ ਏਅਰ ਮੈਨ (Non-Technical Air Man)—ਇਸ ਵਰਗ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਉਮਰ 17 ਤੋਂ 21 ਸਾਲ ਦੇ ਵਿਚਾਲੇ ਹੋਣੀ ਚਾਹੀਦੀ ਹੈ। ਉਮੀਦਵਾਰ ਨੇ ਕਿਸੇ ਵੀ ਵਿਸ਼ੇ ਵਿੱਚ 10+2 ਜਮਾਤ ਘੱਟੋ- ਘੱਟ 50 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ। ਹਵਾਈ ਫ਼ੌਜ ਦੇ ਦੋਵਾਂ ਵਰਗਾਂ ਵਿੱਚ ਭਰਤੀ ਹੋਣ ਲਈ ਸਰੀਰਿਕ ਯੋਗਤਾ, ਲਿਖਤੀ ਪਰੀਖਿਆ, ਮੈਡੀਕਲ ਆਦਿ ਟੈੱਸਟਾਂ ਨੂੰ ਪਾਸ ਕਰਨਾ ਜ਼ਰੂਰੀ ਹੁੰਦਾ ਹੈ।
0 Comments
Post a Comment
Please don't post any spam link in this box.