Punjab School Education Board
ਪਿਆਰੇ ਵਿਦਿਆਰਥੀਓ, ਸੱਤ ਸ਼੍ਰੀ ਅਕਾਲ। ਇਸ ਆਰਟੀਕਲ ਵਿੱਚ ਤੁਸੀਂ ਜਮਾਤ 9ਵੀਂ ਦੇ ਸਿਹਤ ਅਤੇ ਸਰੀਰਕ ਸਿੱਖਿਆ ਦੇ ਸਾਰੇ ਪਾਠਾਂ ਦੇ ਅਭਿਆਸ ਦੀ ਦੁਹਰਾਈ ਕਰ ਸਕਦੇ ਹੋ। ਹੇਠਾਂ ਦਿੱਤੇ ਗਏ ਸਬੰਧਤ ਪਾਠਾਂ ਦੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨਾਂ ਪਾਠਾਂ ਦਾ ਅਭਿਆਸ ਨੋਟ ਕਰ ਸਕਦੇ ਹੋ।
ਪਾਠ 1 ਅਜਾਦੀ ਤੋਂ ਬਾਅਦ ਭਾਰਤ ਵਿੱਚ ਸਰੀਰਿਕ ਸਿੱਖਿਆ
ਵਸਤੂਨਿਸ਼ਠ ਪ੍ਰਸ਼ਨ।
ਪ੍ਰਸ਼ਨ 1. ਵਾਈ. ਐੱਮ. ਸੀ. ਏ. ਦੀ ਸਥਾਪਨਾ ___ਵਿੱਚ ਹੋਈ।
ਉੱਤਰ—ਵਾਈ. ਐੱਮ. ਸੀ. ਏ. ਦੀ ਸਥਾਪਨਾ 1920 ਵਿੱਚ ਹੋਈ।
ਪ੍ਰਸ਼ਨ 2. ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਕਿੱਥੇ ਹੈ ?
ਉੱਤਰ—ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੀ ਸਥਾਪਨਾ ਗਵਾਲੀਅਰ ਵਿਖੇ ਕੀਤੀ ਗਈ।
ਪ੍ਰਸ਼ਨ 3. ਰਾਜਕੁਮਾਰੀ ਅੰਮ੍ਰਿਤਾ ਕੌਰ ਦੇ ਨਾਂ 'ਤੇ ਰਾਜਕੁਮਾਰੀ ਕੋਚਿੰਗ ਸਕੀਮ ਚਲਾਈ ਗਈ। (ਸਹੀ।ਗ਼ਲਤ)
ਉੱਤਰ—ਸਹੀ।
ਪ੍ਰਸ਼ਨ 4. ਸਰਕਾਰੀ ਸਰੀਰਿਕ ਸਿੱਖਿਆ ਕਾਲਜ ਕਦੋਂ ਖੋਲ੍ਹਿਆ ਗਿਆ ?
(i) 1950 (ii) 1958 (iii) 2000 (iv) 2001
ਉੱਤਰ—(ii) 1958
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. NSNIS ਦਾ ਪੂਰਾ ਨਾਂ ਦੱਸੋ।
ਉੱਤਰ—NSNIS (ਐੱਨ. ਐੱਸ. ਐੱਨ. ਆਈ. ਐੱਸ.) ਦਾ ਪੰਜਾਬੀ ਵਿੱਚ ਪੂਰਾ ਨਾਂ ਹੈ— ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ
ਪ੍ਰਸ਼ਨ 6, ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਿਹੜੇ ਉਪਰਾਲੇ ਕੀਤੇ ਗਏ?
ਉੱਤਰ—ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਵੱਲੋਂ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹੇਠ ਲਿਖੇ ਉਪਰਾਲੇ ਕੀਤੇ ਗਏ :-
1. ਭਾਰਤ ਦੀਆਂ ਅੰਤਰਰਾਸ਼ਟਰੀ ਖੇਡ ਟੀਮਾਂ ਅਤੇ ਖਿਡਾਰੀਆਂ ਨੂੰ ਸਿਖਲਾਈ ਦੇਣਾ ਅਤੇ ਭਾਰਤ ਦੇ ਖੇਡ ਪੱਧਰ ਨੂੰ ਉੱਚਾ ਚੁੱਕਣਾ।
2. ਭਾਰਤ ਵਿੱਚ ਖੇਡਾਂ ਨੂੰ ਸੰਚਾਲਿਤ ਕਰਨਾ।
3. ਖਿਡਾਰੀਆਂ ਨੂੰ ਸਿਖਲਾਈ ਦੇਣ ਤੋਂ ਇਲਾਵਾ ਵੱਖ-ਵੱਖ ਖੇਡਾਂ ਦੇ ਕੋਚ ਤਿਆਰ ਕਰਨੇ।
4. ਸਾਈ (SA1) ਦੇ ਅਧੀਨ ਕੰਮ ਕਰਦੀਆਂ ਐੱਨ. ਆਈ. ਐੱਸ. ਸੰਸਥਾਵਾਂ ਵਿੱਚ ਵਿਭਿੰਨ ਖੇਡਾਂ ਦੇ ਕੋਚਾਂ ਲਈ ਡਿਪਲੋਮਾ ਕੋਰਸ ਚਲਾਏ ਜਾਏ।
ਪ੍ਰਸ਼ਨ 7. ਸਰਵ ਭਾਰਤੀ ਸਪੋਟਰਸ ਕੌਂਸਲ' ਦੇ ਕੰਮ ਲਿਖੋ।
ਉੱਤਰ—ਸਰਵ ਭਾਰਤੀ ਸਪੋਟਰਸ ਕੌਂਸਲ ਦੇ ਕੰਮ ਹੇਠ ਲਿਖੇ ਹਨ—
1. ਭਾਰਤ ਵਿੱਚ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਨੂੰ ਸੁਝਾਅ ਦੇਣਾ।
2. ਰਾਜਾ ਵਿੱਚ ਸਪੋਟਰਸ ਅਤੇ ਖੇਡ ਕੌਂਸਲਾਂ ਦਾ ਗਠਨ ਕਰਨਾ ਅਤੇ ਉਹਨਾਂ ਨੂੰ ਮਾਨਤਾ ਪ੍ਰਦਾਨ ਕਰਨਾ।
3. ਭਾਰਤ ਵਿੱਚ ਖੇਡਾਂ ਉੱਤੇ ਹੋਣ ਵਾਲੇ ਖ਼ਰਚ ਸੰਬੰਧੀ ਬਜਟ ਬਾਰੇ ਸਰਕਾਰ ਨੂੰ ਸੁਝਾਅ ਦੇਣਾ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 8. ਅਜ਼ਾਦੀ ਤੋਂ ਬਾਅਦ ਭਾਰਤ ਵਿੱਚ ਸਰੀਰਿਕ ਸਿੱਖਿਆ ਦੀ ਹੋਂਦ ਅਤੇ ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ 'ਤੇ ਵਿਸਥਾਰ ਨਾਲ ਲਿਖੋ।
ਉੱਤਰ—ਭਾਰਤ 1947 ਈ. ਵਿੱਚ ਅਜ਼ਾਦ ਹੋਇਆ। ਜਦੋਂ ਭਾਰਤੀਆਂ ਦੇ ਹੱਥ ਵਿੱਚ ਦੇਸ਼ ਦੀ ਵਾਗਡੋਰ ਆ ਗਈ ਤਾਂ ਉਹਨਾਂ ਨੇ ਸਭ ਤੋਂ ਪਹਿਲਾ ਕੰਮ ਸਿੱਖਿਆ ਦੇ ਸੁਧਾਰ ਲਈ ਪੰਜ ਸਾਲਾ ਯੋਜਨਾ ਤਿਆਰ ਕੀਤੀ। ਅਜ਼ਾਦ ਭਾਰਤ ਵਿੱਚ ਸਕੂਲਾਂ ਦੇ ਨਾਲ-ਨਾਲ ਕਾਲਜਾਂ ਵਿੱਚ ਵੀ ਸਰੀਰਿਕ ਸਿੱਖਿਆ ਦਾ ਵਿਸ਼ਾ ਲਾਗੂ ਕੀਤਾ ਗਿਆ।
ਭਾਰਤ ਵਿੱਚ ਅਜ਼ਾਦੀ ਤੋਂ ਪਹਿਲਾਂ ਸਰੀਰਿਕ ਸਿੱਖਿਆ ਨਾਲ ਜੁੜੀ ਸਿਰਫ਼ ਇੱਕ ਹੀ ਸੰਸਥਾ ਵਾਈ. ਐੱਮ. ਸੀ. ਏ. (Y,M.CA) ਸੀ ਜੋ ਕਿ ਮਦਰਾਸ ਵਿਖੇ 1920 ਵਿੱਚ ਸਥਾਪਿਤ ਕੀਤੀ ਗਈ ਸੀ ਜਿੱਥੇ ਸਰੀਰਿਕ ਸਿੱਖਿਆ ਅਧਿਆਪਕ ਬਣਨ ਵਾਸਤੇ ਕੋਰਸ ਕਰਵਾਏ ਜਾਂਦੇ ਸਨ। ਅਜ਼ਾਦੀ ਪਿੱਛੋਂ ਸਰੀਰਿਕ ਸਿੱਖਿਆ ਵਿਸ਼ੇ ਨੂੰ ਪੜ੍ਹਾਉਣ ਲਈ ਯੋਗਤਾ ਪ੍ਰਾਪਤ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਇਸ ਵਿਸ਼ੇ ਨਾਲ ਸੰਬੰਧਿਤ ਕਾਲਜਾਂ ਦੀ ਉਸਾਰੀ ਕੀਤੀ ਗਈ ਅਤੇ ਕਈ ਕਿਸਮ ਦੀਆਂ ਹੋਰ ਯੋਜਨਾਵਾਂ ਵੀ ਸ਼ੁਰੂ ਕੀਤੀ ਗਈਆਂ, ਜਿਨ੍ਹਾਂ ਵਿੱਚੋਂ ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਇੱਕ ਹੈ।
ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ (Lakshmi Bai National College of Physical Education)-1957 ਈ. ਵਿੱਚ ਗਵਾਲੀਅਰ ਵਿਖੇ ਇਸ ਕਾਲਜ ਦੀ ਸਥਾਪਨਾ ਕੀਤੀ ਗਈ। ਇਸ ਕਾਲਜ ਦਾ ਨਾਂ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੇ ਨਾਂ ਉੱਪਰ ਰੱਖਿਆ ਗਿਆ। ਇਸ ਕਾਲਜ ਵਿੱਚ ਸਰੀਰਿਕ ਸਿੱਖਿਆ ਨਾਲ ਸੰਬੰਧਿਤ ਵੱਖ-ਵੱਖ ਕੋਰਸ ਚਾਲੂ ਕੀਤੇ ਗਏ ਤਾਂ ਕਿ ਸਕੂਲਾਂ-ਕਾਲਜਾਂ ਵਿੱਚ ਸਰੀਰਿਕ ਸਿੱਖਿਆ ਪੜ੍ਹਾਉਣ ਲਈ ਯੋਗਤਾ ਪ੍ਰਾਪਤ ਅਧਿਆਪਕ ਤਿਆਰ ਕੀਤੇ ਜਾ ਸਕਣ। ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇਸ ਕਾਲਜ ਨੇ ਸਰੀਰਿਕ ਸਿੱਖਿਆ ਦੇ ਖੇਤਰ ਵਿੱਚ ਬਹੁਤ ਹੀ ਸਲਾਘਾਯੋਗ ਭੂਮਿਕਾ ਨਿਭਾਈ ਹੈ ਅਤੇ ਸਰੀਰਿਕ ਸਿੱਖਿਆ ਨਾਲ ਸੰਬੰਧਿਤ ਬੜੇ ਹੀ ਯੋਗ ਤੇ ਮਾਹਰ ਅਧਿਆਪਕ ਤਿਆਰ ਕੀਤੇ ਹਨ।
ਅੱਜ ਇਹ ਸੰਸਥਾ ਸਰੀਰਿਕ ਸਿੱਖਿਆ ਦੀ ਡੀਮਡ ਯੂਨੀਵਰਸਿਟੀ (Deemed University) ਦੇ ਤੌਰ ਉੱਤੇ ਕੰਮ ਕਰ ਰਹੀ ਹੈ।
ਪ੍ਰਸ਼ਨ 9. ਸਪੋਰਟਸ ਅਥਾਰਟੀ ਆਫ਼ ਇੰਡੀਆ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ—ਸਪੋਰਟਸ ਅਥਾਰਟੀ ਆਫ ਇੰਡੀਆ (SA) – 1961 ਈ. ਵਿੱਚ ਭਾਰਤੀ ਸਪੋਰਟਸ ਕੌਂਸਲ ਨੇ ਇੱਕ ਸਾਂਝੀ ਸਪੋਰਟਸ ਸੰਸਥਾ ਸਥਾਪਿਤ ਕਰਨ ਦਾ ਸੁਝਾਅ ਦਿੱਤਾ ਜੋ ਕਿ ਕੋਮਾਂਤਰੀ ਪੱਧਰ ਉੱਤੇ ਭਾਰਤ ਵੱਲੋਂ ਭਾਗ ਲੈਣ ਵਾਲੇ ਖਿਡਾਰੀਆਂ ਅਤੇ ਟੀਮਾਂ ਦੀ ਤਿਆਰੀ ਲਈ ਜ਼ਿੰਮੇਵਾਰੀ ਲੈ ਸਕੇ। ਇਸ ਸੰਸਥਾ ਦਾ ਨਾਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਂ ਉੱਤੇ ਰੱਖਣ ਦਾ ਸੁਝਾਅ ਦਿੱਤਾ ਗਿਆ।ਬੰਗਲੌਰ (ਹੁਣ ਬੰਗਲੁਰੂ) (Bengaluru) ਵਿਖੇ 1974 ਵਿੱਚ ਇਸ ਸੰਸਥਾ ਦੀ ਪਹਿਲੀ ਸ਼ਾਖਾ ਦਾ ਉਦਘਾਟਨ ਕੀਤਾ ਗਿਆ। ਇਸ ਪਿੱਛੋਂ ਕਲਕੱਤਾ, ਗਾਂਧੀਧਾਮ, ਔਰੰਗਾਬਾਦ ਅਤੇ ਪਟਿਆਲਾ ਵਿੱਚ ਵੀ ਇਸ ਦੀਆਂ ਸ਼ਾਖਾਵਾਂ ਖੋਲ੍ਹੀਆਂ ਗਈਆਂ। ਇਨ੍ਹਾਂ ਸੰਸਥਾਵਾਂ ਦਾ ਪ੍ਰਮੁੱਖ ਕੰਮ ਭਾਰਤ ਦੀਆਂ ਕੌਮਾਂਤਰੀ ਖੇਡ ਟੀਮਾਂ ਅਤੇ ਖਿਡਾਰੀਆਂ ਨੂੰ ਸਿਖਲਾਈ ਦੇਣਾ ਅਤੇ ਭਾਰਤ ਦੇ ਖੇਡ ਪੱਧਰ ਨੂੰ ਉੱਚਾ ਚੁੱਕਣਾ ਸੀ। ਖੇਡ ਦੇ ਖੇਤਰ ਵਿੱਚ ਇਨ੍ਹਾਂ ਸੰਸਥਾਵਾਂ ਨੇ ਬਹੁਤ ਹੀ ਚੰਗਾ ਕੰਮ ਕੀਤਾ।ਅੱਜ ਵੀ ਭਾਰਤ ਵਿੱਚ ਇਹ ਖੇਡਾਂ ਨੂੰ ਸੰਚਾਲਿਤ ਕਰਨ ਵਾਲੀ ਸਭ ਤੋਂ ਵੱਡੀ ਖੇਡ ਪ੍ਰਬੰਧਕੀ ਸੰਸਥਾ ਹੈ। ਇਸ ਸੰਸਥਾ ਵਿੱਚ ਖਿਡਾਰੀਆਂ ਨੂੰ ਸਿਖਲਾਈ ਤੋਂ ਇਲਾਵਾ ਅਲੱਗ-ਅਲੱਗ ਖੇਡਾਂ ਦੇ ਕੋਚਾ ਲਈ ਡਿਪਲੋਮਾ ਕੋਰਸ ਚਲਾਏ ਜਾ ਰਹੇ ਹਨ। ਅੱਜ ਭਾਰਤ ਵਿੱਚ ਖੇਡਾਂ ਸੰਬੰਧੀ ਚੱਲ ਰਹੇ ਮੁੱਖ ਪ੍ਰੋਗਰਾਮ ਖੇਲੋ ਇੰਡੀਆ (Khelo India), ਫ਼ਿਟ, ਇੰਡੀਆ (Fit India), ਟੋਪਸ (Tops); ਈ ਪਾਠਸ਼ਾਲਾ (e-School) ਆਦਿ ਵੀ ਸਾਈ (SAI) ਦੇ ਅਧੀਨ ਚੱਲ ਰਹੇ ਹਨ।
ਪਾਠ 2 ਸਰੀਰਿਕ ਪ੍ਰਨਾਲੀਆਂ (Physiological Systems)
ਵਸਤੁਨਿਸ਼ਠ ਪ੍ਰਸ਼ਨ।
ਪ੍ਰਸ਼ਨ 1. ਮਨੁੱਖੀ ਸਰੀਰ ਬਹੁਤ ਸਾਰੇ ਅੰਗਾਂ ਅਤੇ ਵਿਭਿੰਨ ___ ਦਾ ਸੁਮੇਲ ਹੈ।
ਉੱਤਰ-ਪ੍ਰਨਾਲੀਆਂ
ਪ੍ਰਸ਼ਨ 2. ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਇਕਾਈ ਕ੍ਰਿਆਸ਼ੀਲ ਕਿਹੜੀ ਹੈ ?
ਉੱਤਰ—ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਕ੍ਰਿਆਸ਼ੀਲ ਇਕਾਈ ਕੋਸ਼ਿਕਾ (Cell) ਹੁੰਦੀ ਹੈ।
ਪ੍ਰਸ਼ਨ 3. ਮਨੁੱਖੀ ਸਰੀਰ ਦੇ ਕੁੱਲ ਭਾਰ ਦਾ ਲਗਪਗ 40 ਪ੍ਰਤੀਸ਼ਤ ਭਾਰ ਮਾਸਪੇਸ਼ੀਆਂ ਦਾ ਹੁੰਦਾ ਹੈ। (ਸਹੀ/ਗ਼ਲਤ)
ਉੱਤਰ—ਸਹੀ।
ਪ੍ਰਸ਼ਨ 4. ਮਨੁੱਖੀ ਸਰੀਰ ਵਿੱਚ ਕੁੱਲ ਕਿੰਨੀਆਂ ਹੱਡੀਆਂ ਹੁੰਦੀਆਂ ਹਨ ?
(ੳ) 204 (ਅ) 205 (ੲ) 206 (ਸ) 20
ਉੱਤਰ--(ੲ) 206
ਛੋਟੇ ਉੱਤਰਾਂ ਵਾਲੇ ਪ੍ਰਸ਼ਨ।
ਪ੍ਰਸ਼ਨ 5. ਮਾਸਪੇਸ਼ੀਆਂ ਦੇ ਕੰਮ ਲਿਖੋ?
ਉੱਤਰ— ਮਾਸਪੇਸ਼ੀਆਂ ਦੇ ਕੰਮ (Functions of Mustels)—
1. ਇਨ੍ਹਾਂ ਨਾਲ ਸਰੀਰ ਦੀਆਂ ਹੱਡੀਆਂ ਬੜੀ ਮਜ਼ਬੂਤੀ ਨਾਲ ਜੁੜੀਆਂ ਰਹਿੰਦੀਆਂ ਹਨ।
2. ਇਹ ਸਾਡੇ ਸਰੀਰ ਵਿੱਚ ਭੋਜਨ ਤੋਂ ਪ੍ਰਾਪਤ ਊਰਜਾ ਨੂੰ ਭੰਡਾਰ (Storage) ਕਰਨ ਦਾ ਕੰਮ ਕਰਦੀਆਂ ਹਨ।
3. ਇਨਾਂ ਦੇ ਸੁੰਗੜਨ ਅਤੇ ਫੈਲਣ ਨਾਲ ਹੱਡੀਆ ਹਰਕਤ ਵਿੱਚ ਰਹਿੰਦੀਆਂ ਹਨ।
4. ਇਨ੍ਹਾਂ ਕਾਰਨ ਸਾਡੇ ਸਰੀਰ ਨੂੰ ਚੱਲਣ-ਫਿਰਨ ਅਤੇ ਕੰਮ ਕਰਨ ਵਿੱਚ ਮਦਦ ਮਿਲਦੀ ਹੈ।
5. ਇਹ ਸਾਡੇ ਸਰੀਰ ਵਿੱਚ ਲੀਵਰ (Lever) ਦੀ ਤਰ੍ਹਾਂ ਕੰਮ ਕਰਦੀਆਂ ਹਨ।
ਪ੍ਰਸ਼ਨ 6, ਮਲ ਤਿਆਗ ਕਿਰਿਆ ਵਿੱਚ ਸ਼ਾਮਲ ਅੰਗਾਂ ਦੇ ਨਾਂ ਲਿਖੋ।
ਉੱਤਰ—ਮਲ ਤਿਆਗ ਕਿਰਿਆ ਵਿੱਚ ਸ਼ਾਮਲ ਅੰਗ ਹਨ--ਅੰਤੜੀਆਂ, ਫੇਫੜੇ, ਗੁਰਦੇ ਅਤੇ ਚਮੜੀ ਆਦਿ।
ਪ੍ਰਸ਼ਨ 7. ਲਹੂ ਗੇੜ ਪ੍ਰਨਾਲੀ ਦੇ ਅੰਗਾਂ ਦੇ ਨਾਂ ਲਿਖੋ?
ਉੱਤਰ— ਦਿਲ, ਲਹੂ ਅਤੇ ਲਹੂ ਨਾਲੀਆਂ ਲਹੂ ਗੇੜ ਪ੍ਰਨਾਲੀ ਦੇ ਮੁੱਖ ਅੰਗ ਹਨ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ।
ਪ੍ਰਸ਼ਨ 8. ਸਰੀਰਿਕ ਪ੍ਰਨਾਲੀਆਂ, ਸਰੀਰਿਕ ਰਚਨਾ ਅਤੇ ਸਰੀਰਿਕ ਵਿਗਿਆਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- 1. ਸਰੀਰਿਕ ਪ੍ਰਨਾਲੀਆਂ (Physiological System)—ਇੱਕ ਕਿਸਮ ਦੀਆਂ ਕੋਸ਼ਿਕਾਵਾਂ ਤੋਂ ਬਣੇ ਕਈ ਅੰਗ ਮਿਲ ਕੇ ਇੱਕ ਪ੍ਰਨਾਲੀ ਦੀ ਉਸਾਰੀ ਕਰਦੇ ਹਨ। ਇੰਜ ਵੱਖ- ਵੱਖ ਪ੍ਰਕਾਰ ਦੀਆਂ ਕੋਸ਼ਿਆਵਾਂ (Cells) ਦੁਆਰਾ ਵੱਖ-ਵੱਖ ਪ੍ਰਨਾਲੀਆਂ ਦਾ ਨਿਰਮਾਣ ਹੁੰਦਾ ਹੈ। ਜਿਵੇਂ ਸਾਹ ਪ੍ਰਨਾਲੀ, ਪਾਚਨ ਪ੍ਰਣਾਲੀ ਅਤੇ ਲਹੂ ਗੇੜ ਪ੍ਰਨਾਲੀ ਆਦਿ। ਸਾਡੇ ਸਰੀਰ ਵਿੱਚ ਮੌਜੂਦ ਇਹ ਸਾਰੀਆਂ ਪ੍ਰਨਾਲੀਆਂ ਮਿਲ ਕੇ ਕੰਮ ਕਰਦੀਆਂ ਹਨ।
2. ਸਰੀਰਿਕ ਰਚਨਾ (Anatomy)—ਇਸ ਵਿਸ਼ੇ ਦੀ ਮਦਦ ਨਾਲ ਅਸੀਂ ਸਰੀਰ ਦੀ ਬਣਾਵਟ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਇਹ ਵਿਸ਼ਾ ਸਾਨੂੰ ਸਾਡੇ ਸਰੀਰਿਕ ਆਕਾਰ, ਇਸ ਵਿੱਚ ਮੌਜੂਦ ਹੱਡੀਆਂ ਦੇ ਢਾਂਚੇ ਅਤੇ ਮਾਸਪੇਸ਼ੀਆਂ ਦੀ ਬਣਾਵਟ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। 3. ਸਰੀਰਿਕ ਕਿਰਿਆ ਵਿਗਿਆਨ (Physiology)—ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਇਕਾਈ ਕੋਸ਼ਿਕਾ (Cell) ਹੁੰਦੀ ਹੈ।ਜਦੋਂ ਇੱਕ ਹੀ ਕਿਸਮ ਦੀਆਂ ਅਨੇਕਾਂ ਕੋਸ਼ਿਕਾਵਾਂ ਇਕੱਠੀਆਂ ਹੁੰਦੀਆਂ ਹਨ ਤਾਂ ਇੱਕ ਤੰਤੂ (Tissue) ਬਣਦਾ ਹੈ। ਇੱਕ ਹੀ ਤਰ੍ਹਾਂ ਦੇ ਬਹੁਤ ਸਾਰੇ ਤੰਤੂ ਮਿਲ ਕੇ ਇੱਕ ਅੰਗ (Organ) ਦਾ ਨਿਰਮਾਣ ਕਰਦੇ ਹਨ। ਇੱਕ ਕਿਸਮ ਦੀਆਂ ਕੋਸ਼ਿਕਾਵਾਂ ਤੋਂ ਬਣੇ ਅੰਗ ਮਿਲ ਕੇ ਇੱਕ ਪ੍ਰਨਾਲੀ (System) ਬਣਾਉਂਦੇ ਹਨ।
ਪ੍ਰਸ਼ਨ 9. ਮਨੁੱਖੀ ਸਰੀਰ ਦੀਆਂ ਪ੍ਰਮੁੱਖ ਪ੍ਰਨਾਲੀਆਂ ਬਾਰੇ ਸੰਖੇਪ ਵਿੱਚ ਲਿਖੋ।
ਉੱਤਰ-ਮਨੁੱਖੀ ਸਰੀਰ ਦੀਆਂ ਪ੍ਰਮੁੱਖ ਪ੍ਰਨਾਲੀਆਂ (Major Systems of Human Body)—ਸਾਡੇ ਸਰੀਰ ਵਿੱਚ ਵੱਖ-ਵੱਖ ਕਾਰਜ ਪ੍ਰਨਾਲੀਆਂ ਪਾਈਆਂ ਜਾਂਦੀਆਂ ਹਨ। ਮਨੁੱਖੀ ਸਰੀਰ ਵਿੱਚ ਮੌਜੂਦ ਪ੍ਰਮੁੱਖ ਪ੍ਰਨਾਲੀਆਂ ਹੇਠ ਲਿਖੀਆਂ ਹਨ—
1. ਪਿੰਜਰ ਪ੍ਰਨਾਲੀ (Skeletal System)—ਇਹ ਪ੍ਰਨਾਲੀ ਸਾਡੇ ਸਰੀਰਿਕ ਢਾਂਚੇ ਨੂੰ ਸਰੀਰਿਕ ਰੂਪ ਦਿੰਦੀ ਹੈ। ਮਨੁੱਖੀ ਪਿੰਜਰ ਪ੍ਰਨਾਲੀ 206 ਹੱਡੀਆਂ, ਵੱਖ-ਵੱਖ ਤਰ੍ਹਾਂ ਦੇ ਜੋੜਾਂ ਤੇ ਕਾਰਟੀਲੇਜ (Cartilage) ਆਦਿ ਨਾਲ ਮਿਲ ਕੇ ਬਣਦੀ ਹੈ। ਸਰੀਰ ਦੀਆਂ ਸਾਰੀਆਂ ਹੱਡੀਆਂ ਅਤੇ ਜੋੜ ਆਪਸ ਵਿੱਚ ਮਿਲ ਕੇ ਸਰੀਰਿਕ ਢਾਂਚਾ ਬਣਾਉਂਦੇ ਹਨ। ਇਸ ਤੋਂ ਬਿਨਾਂ ਇਹ ਸਾਡੇ ਸਰੀਰ ਵਿੱਚ ਮੌਜੂਦ ਦਿਲ, ਫੇਫੜੇ ਤੇ ਦਿਮਾਗ਼ ਆਦਿ ਨਾਜ਼ੁਕ ਅੰਗਾਂ ਦੀ ਸੁਰੱਖਿਆ ਦਾ ਅਹਿਮ ਕੰਮ ਵੀ ਕਰਦੀ ਹੈ।
2. ਮਾਸਪੇਸ਼ੀ ਪ੍ਰਣਾਲੀ (Muscular System)—ਇਹ ਸਾਡੇ ਸਰੀਰ ਦੀ ਬੜੀ ਹੀ ਮਹੱਤਵਪੂਰਨ ਪ੍ਰਨਾਲੀ ਹੈ। ਇਹ ਸਾਨੂੰ ਹਰ ਤਰ੍ਹਾਂ ਦੀਆਂ ਸਰੀਰਿਕ ਕਿਰਿਆਵਾਂ ਕਰਨ ਵਿੱਚ ਮਦਦ ਕਰਦੀ ਹੈ। ਮਨੁੱਖੀ ਸਰੀਰ ਦੇ ਕੁੱਲ ਭਾਰ ਦਾ 40 ਫੀਸਦੀ ਭਾਰ ਮਾਸਪੇਸ਼ੀਆਂ ਦਾ ਹੀ ਹੁੰਦਾ ਹੈ। ਇਹ ਮਾਸਪੇਸ਼ੀਆਂ ਸਿਰਿਆਂ ਤੋਂ ਮਜ਼ਬੂਤੀ ਨਾਲ ਹੱਡੀਆਂ ਨਾਲ ਜੁੜੀਆਂ ਹੁੰਦੀਆਂ ਹਨ।
3. ਲਹੂ-ਗੇੜ ਪ੍ਰਨਾਲੀ (Circulatory System)—ਸਰੀਰ ਦੇ ਹਰੇਕ ਅੰਗ ਤੱਕ ਆਕਸੀਜਨ ਅਤੇ ਊਰਜਾ ਪਹੁੰਚਾਉਣ ਦਾ ਕੰਮ ਲਹੂ-ਗੇੜ ਪ੍ਰਨਾਲੀ ਦੁਆਰਾ ਹੀ ਕੀਤਾ ਜਾਂਦਾ ਹੈ। ਦਿਲ (Heart) ਇਸ ਪ੍ਰਨਾਲੀ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਇਹ ਜਨਮ ਤੋਂ ਲੈ ਕੇ ਮੌਤ ਤੱਕ ਲਗਾਤਾਰ ਕੰਮ ਕਰਦਾ ਹੋਇਆ ਸਾਰੇ ਸਰੀਰ ਨੂੰ ਲਹੂ ਮੁਹੱਈਆ ਕਰਵਾਉਂਦਾ ਹੈ।
4. ਸਾਹ ਕਿਰਿਆ ਪ੍ਰਨਾਲੀ (Respiratory System)— ਇਸ ਪ੍ਰਨਾਲੀ ਦੇ ਪ੍ਰਮੁੱਖ ਅੰਗ ਨੱਕ (Nose), ਸੁਰ ਯੰਤਰ (Larynx), ਗਸਨੀ (Pharynx), ਸਾਹ ਨਲੀ (Trachea), ਹਵਾ ਨਾਲੀਆਂ (Bronchiole Tubes), ਫੇਫੜੇ (Lungs) ਅਤੇ ਪੇਟ ਪਰਦਾ (Diaphragm) ਹਨ। ਮਨੁੱਖ ਨੂੰ ਜਿਊਂਦੇ ਰਹਿਣ ਲਈ ਸਰੀਰ ਦੇ ਹਰ ਹਿੱਸੇ ਨੂੰ ਆਕਸੀਜਨ ਦੀ ਲਗਾਤਾਰ ਲੋੜ ਪੈਂਦੀ ਹੈ। ਜੇ ਕੁਝ ਮਿੰਟਾਂ ਲਈ ਵੀ ਸਾਨੂੰ ਆਕਸੀਜਨ ਨਾ ਪ੍ਰਾਪਤ ਹੋਵੇ ਤਾਂ ਸਾਡੀ ਮੌਤ ਹੋ ਸਕਦੀ ਹੈ। ਆਕਸੀਜਨ ਨੱਕ ਰਾਹੀਂ ਸਰੀਰ ਵਿਚ ਦਾਖਲ ਹੁੰਦੀ ਹੈ ਅਤੇ ਫੇਫੜਿਆਂ ਦੁਆਰਾ ਲਹੂ ਰਾਹੀਂ ਸਰੀਰ ਦੇ ਵੱਖ-ਵੱਖ ਅੰਗਾਂ ਵਿੱਚ ਪਹੁੰਚਦੀ ਹੈ।
5. ਪਾਚਨ ਪ੍ਰਨਾਲੀ (Digestive System)—ਅਸੀਂ ਜਿਹੜਾ ਵੀ ਭੋਜਨ ਖਾਂਦੇ ਹਾਂ, ਉਹ ਸਰੀਰ ਵਿੱਚ ਪਚ ਕੇ ਊਰਜਾ ਵਿੱਚ ਬਦਲ ਜਾਂਦਾ ਹੈ, ਜਿਸ ਦੀ ਮਦਦ ਨਾਲ ਹੀ ਅਸੀਂ ਆਪਣੇ ਰੋਜ਼ਾਨਾ ਦੇ ਕੰਮ-ਕਾਰ ਕਰਨ ਦੇ ਯੋਗ ਹੁੰਦੇ ਹਾਂ। ਦੰਦ, ਜੀਭ, ਭੋਜਨ ਨਲੀ, ਮਿਹਦਾ, ਜਿਗਰ, ਛੋਟੀ ਤੇ ਵੱਡੀ ਆਂਦਰ ਮਿਲ ਕੇ ਪਾਚਨ ਪ੍ਰਨਾਲੀ ਬਣਾਉਂਦੇ ਹਨ।
6. ਮਲ ਤਿਆਗ ਪ੍ਰਨਾਲੀ (Excretory System)— ਸਾਡੇ ਵਲੋਂ ਖਾਧਾ ਗਿਆ ਸਾਰਾ ਭੋਜਨ ਸਰੀਰ ਵਿੱਚ ਪਚਣਯੋਗ ਨਹੀਂ ਹੁੰਦਾ ਹੈ। ਭੋਜਨ ਦੇ ਪਾਚਣ ਤੱਤ ਨੂੰ ਆਂਦਰਾਂ ਦੁਆਰਾ ਸੋਖਣ ਪਿੱਛੋਂ ਬਾਕੀ ਬਚੇ ਬੇਕਾਰ ਪਦਾਰਥਾਂ ਨੂੰ ਸਰੀਰ ਵਿੱਚੋਂ ਮਲ ਦੁਆਰਾ ਬਾਹਰ ਕੱਢ ਦਿੱਤਾ ਜਾਂਦਾ ਹੈ। ਸਰੀਰ ਵਿੱਚ ਪੈਦਾ ਹੋਈ ਕਾਰਬਨ ਡਾਈਆਕਸਾਈਡ ਨੂੰ ਫੇਫੜਿਆਂ ਰਾਹੀਂ ਅਤੇ ਲਹੂ ਵਿੱਚ ਬਣੇ ਤੇਜ਼ਾਬੀ ਤੱਤ ਨੂੰ ਗੁਰਦਿਆਂ ਵੱਲੋਂ ਸਾਫ਼ ਕਰਕੇ ਪਿਸ਼ਾਬ ਦੁਆਰਾ ਬਾਹਰ ਕੱਢ ਦਿੱਤਾ ਜਾਂਦਾ ਹੈ। ਚਮੜੀ ਦੁਆਰਾ ਵੀ ਪਸੀਨੇ ਦੇ ਰੂਪ ਵਿੱਚ ਸਰੀਰ ਵਿੱਚ ਪੈਦਾ ਹੁੰਦੇ ਬੇਲੋੜੇ ਪਦਾਰਥਾਂ ਨੂੰ ਬਾਹਰ ਕੱਢਿਆ ਜਾਂਦਾ ਹੈ।
7. ਨਾੜੀ-ਤੰਤਰ ਪ੍ਰਨਾਲੀ (Nervous System)— ਦਿਮਾਗ਼ ਤੇ ਸ਼ਰੀਰ ਦੇ ਤਾਲ-ਮੇਲ ਦੀ ਪ੍ਰਕਿਰਿਆ ਨਾੜੀ-ਤੰਤਰ ਪ੍ਰਨਾਲੀ ਦੁਆਰਾ ਕੰਟਰੌਲ ਕੀਤੀ ਜਾਂਦੀ ਹੈ। ਇਸ ਪ੍ਰਨਾਲੀ ਵਿੱਚ ਦਿਮਾਗ਼ ਤੋਂ ਬਿਨਾਂ ਰੀੜ ਦੀ ਹੱਡੀ ਤੇ ਸੁਖਮਨਾ ਨਾੜੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਸਾਡੇ ਸਰੀਰ ਵਿੱਚ ਮੌਜੂਦ ਪੰਜ ਗਿਆਨ ਇੰਦਰੀਆਂ ਸਰੀਰ ਨਾਲ ਸੰਬੰਧਿਤ ਅਤੇ ਬਾਹਰੀ ਸੰਦੇਸ਼ ਦਿਮਾਗ਼ ਤੱਕ ਪਹੁੰਚਾਉਂਦੀਆਂ ਹਨ ਤਾਂ ਕਿ ਬਾਹਰੀ ਖ਼ਤਰਿਆਂ ਤੋਂ ਸਰੀਰ ਦਾ ਬਚਾਅ ਹੋ ਸਕੇ।
ਪਾਠ 3 ਅਜੋਕੇ ਸਮੇਂ ਵਿੱਚ ਸਰੀਰਿਕ ਸਿੱਖਿਆ ਦੀ ਮਹੱਤਤਾ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਸਰੀਰਿਕ ਸਿੱਖਿਆ ਦਾ ਉਦੇਸ਼ ਮਨੁੱਖ ਦੀ ਸਖਸ਼ੀਅਤ ਦਾ _____ ਵਿਕਾਸ ਕਰਨਾ ਹੈ।
ਉੱਤਰ:- ਸਰੀਰਿਕ ਸਿੱਖਿਆ ਦਾ ਉਦੇਸ਼ ਮਨੁੱਖ ਦੀ ਸ਼ਖਸੀਅਤ ਦਾ ਸਰਵ-ਪੱਖੀ ਵਿਕਾਸ ਕਰਨਾ ਹੈ।
ਪ੍ਰਸ਼ਨ 2. ਪੁਰਾਤਨ ਸਮੇਂ ਵਿੱਚ ਸਰੀਰਿਕ ਸਿੱਖਿਆ ਵਿਸ਼ੇ ਨੂੰ ਕਿੱਥੇ ਪੜ੍ਹਾਇਆ ਜਾਂਦਾ ਸੀ ?
ਉੱਤਰ—ਪੁਰਾਤਨ ਸਮੇਂ ਵਿੱਚ ਸਰੀਰਿਕ ਸਿੱਖਿਆ ਵਿਸ਼ੇ ਨੂੰ ਆਸ਼ਰਮਾਂ ਅਤੇ ਗੁਰੂਕੁਲਾਂ ਵਿੱਚ ਪੜ੍ਹਾਇਆ ਜਾਂਦਾ ਸੀ।
ਪ੍ਰਸ਼ਨ 3. ਸਰੀਰਿਕ ਸਿੱਖਿਆ ਇੱਕ ਨਵਾਂ ਵਿਸ਼ਾ ਹੈ। (ਸਹੀ-ਗ਼ਲਤ)
ਉੱਤਰ—ਗਲਤ।
ਪ੍ਰਸ਼ਨ 4. ਸਰੀਰਿਕ ਸਿੱਖਿਆ ਖਿਡਾਰੀ ਅੰਦਰ ਕਿਹੜੀ ਭਾਵਨਾ ਵਿਕਸਿਤ ਕਰਦੀ ਹੈ ?
(ੳ) ਉਤਸ਼ਾਹ
(ਅ) ਮਿੱਤਰਤਾ
(ੲ) ਹਮਦਰਦੀ
(ਸ) ਉਪਰੋਕਤ ਸਾਰੇ
ਉੱਤਰ—(ਸ) ਉਪਰੋਕਤ ਸਾਰੇ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. ਜੇ. ਬੀ. ਨੈਸ਼ ਅਨੁਸਾਰ ਸਰੀਰਿਕ ਸਿੱਖਿਆ ਦੀ ਪਰਿਭਾਸ਼ਾ ਲਿਖੋ।
ਉੱਤਰ—ਜੇ. ਬੀ. ਨੈਸ਼ (J.B, Nash) ਨੇ ਸਰੀਰਿਕ ਸਿੱਖਿਆ ਦੀ ਪਰਿਭਾਸ਼ਾ ਦਿੰਦੇ ਹੋਏ ਕਿਹਾ ਹੈ— “ਸਰੀਰਿਕ ਸਿੱਖਿਆ, ਸਿੱਖਿਆ ਦਾ ਉਹ ਹਿੱਸਾ ਹੈ, ਜਿਸ ਦਾ ਸੰਬੰਧ ਵੱਡੀਆਂ ਮਾਸਪੇਸ਼ੀਆਂ ਦੀਆਂ ਕਿਰਿਆਵਾਂ ਤੇ ਉਨ੍ਹਾਂ ਨਾਲ ਸੰਬੰਧਿਤ ਹੁੰਗਾਰਿਆਂ ਨਾਲ ਹੈ।
ਪ੍ਰਸ਼ਨ 6. ਖੇਡਾਂ ਵਿੱਚ ਤਿਆਗ ਅਤੇ ਅਨੁਸ਼ਾਸਨ ਦੀ ਭਾਵਨਾ ਕੀ ਹੈ ?
ਉੱਤਰ-ਖੇਡਾਂ ਮਨੁੱਖ ਵਿੱਚ ਤਿਆਗ ਅਤੇ ਅਨੁਸ਼ਾਸਨ ਦੀ ਭਾਵਨਾ ਵਿਕਸਿਤ ਕਰਦੀਆਂ ਹਨ। ਜ਼ਿੰਦਗੀ ਵਿੱਚ ਸਫਲ ਹੋਣ ਲਈ ਅਨੁਸ਼ਾਸਨ ਦਾ ਹੋਣਾ ਬੜਾ ਲੋੜੀਂਦਾ ਹੈ। ਖੇਡਾਂ ਦੀਆਂ ਸਭਨਾਂ ਕਿਰਿਆਵਾਂ ਦਾ ਮੂਲ ਆਧਾਰ ਹੀ ਅਨੁਸ਼ਾਸਨ ਹੈ।ਖੇਡਾਂ ਅਨੁਸ਼ਾਸਨ ਤੋਂ ਬਗੈਰ ਅਸੰਭਵ ਹਨ।ਇੰਞ ਖੇਡਾਂ ਵਿੱਚ ਹਿੰਸਾ ਲੈਣ ਵਾਲੇ ਵਿਅਕਤੀ ਦੂਜਿਆਂ ਨਾਲੋਂ ਜ਼ਿਆਦਾ ਅਨੁਸ਼ਾਸਿਤ ਹੁੰਦੇ ਹਨ।
ਪ੍ਰਸ਼ਨ 7. ਸਰੀਰਿਕ ਸਿੱਖਿਆ 'ਤੇ ਨੋਟ ਲਿਖੇ?
ਉੱਤਰ—ਸਰੀਰਿਕ ਸਿੱਖਿਆ ਬਹੁਤ ਹੀ ਪੁਰਾਣਾ ਵਿਸ਼ਾ ਹੈ। ਆਮਤੌਰ 'ਤੇ ਸਰੀਰਿਕ ਸਿੱਖਿਆ ਵਿਸ਼ੇ ਨੂੰ ਸਿਰਫ਼ ਖੇਡਾਂ ਨਾਲ ਹੀ ਜੋੜਿਆ ਜਾਂਦਾ ਹੈ।
ਜੋ ਕਿ ਬਿਲਕੁਲ ਗਲਤ ਹੈ। ਸਰੀਰਿਕ ਸਿੱਖਿਆ ਆਮ ਸਿੱਖਿਆ ਦਾ ਅਹਮ ਹੀ ਅੰਗ/ਹਿੱਸਾ ਹੈ। ਆਮ ਸਿੱਖਿਆ ਵਾਂਗ ਸਰੀਰਿਕ ਸਿੱਖਿਆ ਦਾ ਉਦੇਸ਼ ਵੀ ਮਨੁੱਖ ਦੀ ਸ਼ਖਸੀਅਤ ਦਾ ਸਰਵ-ਪੱਖੀ ਵਿਕਾਸ ਕਰਨਾ ਹੀ ਹੈ। ਸਰੀਰਿਕ ਸਰਗਰਮੀਆਂ ਦੀ ਮਦਦ ਨਾਲ ਮਨੁੱਖ ਦਾ ਸਰੀਰਿਕ, ਮਾਨਸਿਕ,ਸਮਾਜਿਕ ਅਤੇ ਭਾਵਨਾਤਮਕ ਪੱਖੋਂ ਵਿਕਾਸ ਕਰ ਕੇ ਇੱਕ ਵਧੀਆ ਇਨਸਾਨ ਦੀ ਉਸਾਰੀ ਕੀਤੀ ਜਾਂਦੀ ਹੈ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 8. ਅਜੋਕੇ ਸਮੇਂ ਵਿੱਚ ਸਰੀਰਿਕ ਸਿੱਖਿਆ ਦੀਆਂ ਮਹੱਤਤਾਵਾਂ ਬਾਰੇ ਵਿਸਥਾਰਪੂਰਵਕ ਲਿਖੋ?
ਉੱਤਰ— ਅਜੋਕੇ ਸਮੇਂ ਵਿੱਚ ਸਰੀਰਿਕ ਸਿੱਖਿਆ ਦੀ ਲੋੜ ਅਤੇ ਮਹਤੱਤਾ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ। ਐੱਚ. ਸੀ. ਬੁੱਕ (H.C. Buck) ਅਨੁਸਾਰ, “ਸਰੀਰਿਕ ਸਿੱਖਿਆ ਸਧਾਰਨ ਸਿੱਖਿਆ ਦੇ ਪ੍ਰੋਗਰਾਮ ਦਾ ਉਹ ਹਿੱਸਾ ਹੈ ਜਿਸ ਵਿੱਚ ਸਰੀਰਿਕ ਕਿਰਿਆਵਾਂ ਦੁਆਰਾ ਬੱਚੇ ਦਾ ਪੂਰਨ ਵਿਕਾਸ ਕੀਤਾ ਜਾਂਦਾ ਹੈ।"
ਅਜੋਕੇ ਸਮੇਂ ਵਿੱਚ ਸਰੀਰਿਕ ਸਿੱਖਿਆ ਦੇ ਮਹੱਤਵ ਦਾ ਵਰਨਣ ਹੇਠ ਦਿੱਤੇ ਅਨੁਸਾਰ ਕਰ ਸਕਦੇ ਹਾ:-
1. ਸਰੀਰਿਕ ਅਤੇ ਮਾਨਸਿਕ ਵਿਕਾਸ (Physical and Mental Development)— ਸਰੀਰਿਕ ਸਿੱਖਿਆ ਵੱਖ-ਵੱਖ ਕਿਸਮ ਦੀਆਂ ਸਰੀਰਿਕ ਕਿਰਿਆਵਾਂ ਆਉਂਦੀਆਂ ਹਨ। ਸਰੀਰਿਕ ਕਿਰਿਆਵਾਂ ਵਿੱਚ ਹਿੱਸਾ ਲੈਣ ਨਾਲ ਬੱਚੇ ਦਾ ਮਾਨਸਿਕ ਵਿਕਾਸ ਵੀ ਤੇਜ਼ੀ ਨਾਲ ਹੁੰਦਾ ਹੈ। ਖੇਡਾਂ ਵਿੱਚ ਹਿੱਸਾ ਲੈਣ ਵਾਲਾ ਬੱਚਾ ਸਰੀਰਿਕ ਦ੍ਰਿਸ਼ਟੀ ਤੋਂ ਹਰ ਸਮੇਂ ਚੁਸਤ, ਫੁਰਤੀਲਾ, ਅਰੋਗ ਅਤੇ ਦਿਮਾਗ਼ੀ ਪੱਖੋਂ ਸੁਚੇਤ ਤੇ ਅਕਲਮੰਦ ਰਹਿੰਦਾ ਹੈ।
2. ਸਵੈ-ਗਿਆਨ' (Self Knowledge)— ਖੇਡਾਂ ਵਿੱਚ ਹਿੱਸਾ ਲੈਣ ਨਾਲ ਬੱਚੇ ਨੂੰ ਆਪਣੇ ਅੰਦਰ ਮੌਜੂਦ ਗੁਣਾਂ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ ਜਿਸ ਨਾਲ ਬੱਚਾ ਆਪਣੇ ਗੁਣਾਂ ਨੂੰ ਨਿਖਾਰ ਕੇ ਜੀਵਨ ਵਿੱਚ ਪ੍ਰਗਤੀ ਪ੍ਰਾਪਤ ਕਰ ਸਕਦਾ ਹੈ।
3. ਤਿਆਗ ਅਤੇ ਅਨੁਸ਼ਾਸਨ (Renunciation and Discipline)-ਖੇਡਾਂ ਮਨੁੱਖ ਵਿੱਚ ਤਿਆਗ ਅਤੇ ਅਨੁਸ਼ਾਸਨ ਦੀ ਭਾਵਨਾ ਵਿਕਸਿਤ ਕਰਦੀਆਂ ਹਨ। ਜ਼ਿੰਦਗੀ ਵਿੱਚ ਸਫਲ ਹੋਣ ਲਈ ਅਨੁਸ਼ਾਸਨ ਦਾ ਹੋਣਾ ਬੜਾ ਲੋੜੀਂਦਾ ਹੈ। ਖੇਡਾਂ ਦੀਆਂ ਸਭਨਾਂ ਕਿਰਿਆਵਾਂ ਦਾ ਮੂਲ ਆਧਾਰ ਹੀ ਅਨੁਸ਼ਾਸਨ ਹੈ।
4. ਆਤਮ-ਵਿਸ਼ਵਾਸ (Self Confidence)-ਆਮ ਆਦਮੀ ਦੀ ਬਨਿਸਬਤ ਖਿਡਾਰੀਆਂ ਅੰਦਰ ਵਧੇਰੇ ਆਤਮ-ਵਿਸ਼ਵਾਸ ਹੁੰਦਾ ਹੈ। ਖੇਡ ਦੇ ਮੈਦਾਨ ਵਿੱਚ ਔਖੇ ਤੋਂ ਔਖੇ ਹਾਲਾਤ ਵਿੱਚ ਖਿਡਾਰੀ ਫ਼ੈਸਲਾ ਲੈਣ ਦੀ ਸਮਰੱਥਾ ਰੱਖਦਾ ਹੈ ਜਿਸ ਨਾਲ ਉਸ ਦੇ ਆਤਮ-ਵਿਸ਼ਵਾਸ ਵਿੱਚ ਚੋਖਾ ਵਾਧਾ ਹੁੰਦਾ ਹੈ।
5. ਆਪਸੀ ਸੰਬੰਧ (Inter-relationship)—ਇੱਕ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਮਨੁੱਖ ਵਿੱਚ ਸਹਿਯੋਗ, ਪ੍ਰੇਮ ਤੇ ਮਿਲਵਰਤਨ ਆਦਿ ਭਾਵਨਾਵਾਂ ਮੌਜੂਦ ਹੁੰਦੀਆਂ ਹਨ। ਖੇਡਾਂ ਵਿੱਚ ਭਾਗ ਲੈਣ ਨਾਲ ਅਸੀਂ ਆਪਣੇ ਇਨ੍ਹਾਂ ਸਮਾਜਿਕ ਗੁਣਾਂ/ਖੂਬੀਆਂ ਨੂੰ ਨਿਖਾਰ ਸਕਦੇ ਹਾਂ। ਖੇਡਾਂ ਵਿੱਚ ਟੀਮ ਦੇ ਸਾਰੇ ਖਿਡਾਰੀ ਇੱਕ ਦੂਜੇ ਦੇ ਸਹਿਯੋਗ ਨਾਲ ਖੇਡਦੇ ਹੋਏ ਜਿੱਤ ਦਾ ਸਿਹਰਾ ਬੰਨ੍ਹਦੇ ਹਨ।
6. ਸਮਾਜਿਕ ਗੁਣਾਂ ਦਾ ਵਿਕਾਸ (Development of Social Qualities)—ਸਰੀਰਿਕ ਸਿੱਖਿਆ ਖਿਡਾਰੀਆਂ ਅੰਦਰ ਮਿੱਤਰਤਾ, ਹੌਸਲਾ ਅਤੇ ਹਮਦਰਦੀ ਦੀ ਭਾਵਨਾ ਨੂੰ ਵਿਕਸਿਤ ਕਰਦੀ ਹੈ। ਖੇਡਾਂ ਵਿੱਚ ਸਮੁੱਚੇ ਖਿਡਾਰੀਆਂ ਨੂੰ ਬਰਾਬਰ ਦੀ ਮਾਨਤਾ ਪ੍ਰਦਾਨ ਕੀਤੀ ਜਾਂਦੀ ਹੈ। ਖੇਡ ਵਿੱਚ ਕਿਸੇ ਵੀ ਖਿਡਾਰੀ ਨਾਲ ਭੇਦ-ਭਾਵ ਨਹੀਂ ਕੀਤਾ ਜਾਂਦਾ। ਖੇਡਾਂ ਖਿਡਾਰੀਆਂ ਵਿੱਚ ਸਹਿਨਸ਼ੀਲਤਾ ਦੀ ਭਾਵਨਾ ਉਜਾਗਰ ਕਰਦੀਆਂ ਹਨ ਅਤੇ ਆਪਣੀਆਂ ਭਾਵਨਾਵਾਂ ਉੱਪਰ ਕੰਟਰੋਲ ਰੱਖਣਾ ਸਿਖਾਉਂਦੀਆਂ ਹਨ।
ਪਾਠ 4 ਪ੍ਰਾਣਾਯਾਮ (Pranayama)
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਤੋਂ ਭਾਵ ਸਾਹ ਲੈਣਾ ਅਤੇ ਛੱਡਣਾ ਹੈ।
ਉੱਤਰ—ਪ੍ਰਣਾਯਾਮ ਤੋਂ ਭਾਵ ਸਾਹ ਲੈਣਾ ਅਤੇ ਛੱਡਣਾ ਹੈ।
ਪ੍ਰਸ਼ਨ 2. ਪ੍ਰਾਣਾਯਾਮ ਦੀ ਕਿਸੇ ਇੱਕ ਕਿਸਮ ਦਾ ਨਾਂ ਲਿਖੋ।
ਉੱਤਰ—ਕੁੰਭਕ (Kumbhak) |
ਪ੍ਰਸ਼ਨ 3. ਪ੍ਰਾਣਾਯਾਮ ਕਰਦੇ ਸਮੇਂ ਸਭ ਤੋਂ ਪਹਿਲਾਂ ਧਿਆਨ ਵਿੱਚ ਰੱਖੋ ਕਿ ਸਾਡਾ ਪੇਟ ਸਾਫ਼ ਹੋਣਾ ਚਾਹੀਦਾ ਹੈ। (ਸਹੀ/ਗ਼ਲਤ)
ਉੱਤਰ—ਸਹੀ।
ਪ੍ਰਸ਼ਨ 4. ਅਸ਼ਟਾਂਗ ਯੋਗ ਵਿੱਚ ਕਿੰਨੀਆਂ ਕਿਰਿਆਵਾਂ ਹੁੰਦੀਆਂ ਹਨ ?
(ੳ) 6 (ਅ) 7 (ੲ) 8 (ਸ) 9
ਉੱਤਰ—(ੲ) 8.
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. ਕਪਾਲਭਾਤੀ ਕਿਰਿਆ ਦੇ ਦੋ ਲਾਭ ਲਿਖੋ।
ਉੱਤਰ—ਕਪਾਲਭਾਤੀ ਦੇ ਲਾਭ—
1. ਨਾੜੀ-ਮਾਸਪੇਸ਼ੀ ਵਿੱਚ ਚੰਗਾ ਤਾਲਮੇਲ ਹੁੰਦਾ ਹੈ।
2. ਮਾਨਸਿਕ ਤਣਾਅ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ।
ਪ੍ਰਸ਼ਨ 6. ਪ੍ਰਾਣਾਯਾਮ ਦੀਆਂ ਕਿਸਮਾਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ—ਪ੍ਰਾਣਾਯਾਮ ਦੀਆਂ ਤਿੰਨ ਕਿਸਮਾਂ ਹਨ ਜੋਕਿ ਇੰਞ ਹਨ—
1. ਭਸਤਰਿਕਾ ਪ੍ਰਾਣਾਯਾਮ (Bhastrika Pranayama)
2. ਕਪਾਲਭਾਤੀ ਪ੍ਰਾਣਾਯਾਮ (Kapalbhati Pranayama)
3. ਅਨੁਲੋਮ-ਵਿਲੋਮ ਪ੍ਰਾਣਾਯਾਮ (Anulom Vilom Pranayama)
ਪ੍ਰਸ਼ਨ 7. ਅਨੁਲੋਮ-ਵਿਲੋਮ ਕਿਰਿਆ ਦੇ ਲਾਭ ਲਿਖੋ।
ਉੱਤਰ—1. ਇਸ ਨਾਲ ਵਿਅਕਤੀ ਦੀ ਸਾਹ ਕਿਰਿਆ ਪ੍ਰਨਾਲੀ ਮਜ਼ਬੂਤ ਹੁੰਦੀ ਹੈ।
2. ਵਿਅਕਤੀ ਦੀ ਸਹਿਣ ਸ਼ਕਤੀ ਵਿੱਚ ਵਾਧਾ ਹੁੰਦਾ ਹੈ।
3. ਇਸ ਨਾਲ ਦਿਮਾਗ਼ੀ ਤਣਾਅ, ਚਿੰਤਾ ਤੇ ਦਬਾਅ ਆਦਿ ਸਮੱਸਿਆਵਾਂ ਤੋਂ ਮੁਕਤੀ ਮਿਲਦੀ ਹੈ।
4. ਨਿਯਮਿਤ ਰੂਪ ਵਿੱਚ ਇਸ ਦਾ ਅਭਿਆਸ ਕਰਨ ਨਾਲ ਵਿਅਕਤੀ ਦੀ ਯਾਦ ਸ਼ਕਤੀ ਵੱਧਦੀ ਹੈ।
5. ਸਰੀਰ ਦੀ ਰੋਗਾਂ ਖਿਲਾਫ਼ ਲੜਨ ਦੀ ਸ਼ਕਤੀ ਵੱਧਦੀ ਹੈ।
6. ਇਸ ਪ੍ਰਕਿਰਿਆ ਨਾਲ ਸਾਹ-ਰੋਗ ਜਿਵੇਂ-ਖਾਂਸੀ ਤੇ ਜ਼ੁਕਾਮ ਆਦਿ ਤੋਂ ਛੁਟਕਾਰਾ ਹੀ ਨਹੀਂ ਮਿਲਦਾ ਸਗੋਂ ਰੋਗ ਕਿਸੇ ਹੱਦ ਤਾਈਂ ਜੜ੍ਹੋਂ ਖ਼ਤਮ ਹੋ ਜਾਂਦਾ ਹੈ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 8. ਕਪਾਲਭਾਤੀ ਕਿਰਿਆ ਵਿਧੀ ਬਾਰੇ ਪੂਰਨ ਜਾਣਕਾਰੀ ਦਿਓ ਅਤੇ ਲਾਭ ਲਿਖੋ।
ਉੱਤਰ—ਕਪਾਲਭਾਤੀ ਪ੍ਰਾਣਾਯਮ (Kapalbhati Pranayama)- ਪ੍ਰਾਣਾਯਾਮ ਦੀ ਇਹ ਬੜਾ ਹੀ ਪ੍ਰਸਿੱਧ ਹੈ। ਇਹ ਪ੍ਰਾਣਾਯਾਮ ਕਰਨ ਲਈ ਸਾਰਿਆਂ ਤੋਂ ਪਹਿਲਾਂ ਰੀੜ੍ਹ ਦੀ ਹੱਡੀਂ ਨੂੰ ਬਿਲਕੁਲ ਸਿੱਧਾ ਰੱਖਦੇ ਹੋਏ ਪਦਮ ਆਸਣ (Padam Aasana), ਸਿੱਧ ਆਸਣ (Sidh Aasana) ਆਦਿ ਵਿੱਚ ਅਰਾਮਦਾਇਕ ਸਥਿਤੀ ਵਿੱਚ ਬੈਠ ਜਾਓ। ਦੋਵੇਂ ਬਾਹਵਾਂ ਨੂੰ ਸਿੱਧਾ ਰੱਖਦੇ ਹੋਏ ਦੋਵੇਂ ਹੱਥ ਗੋਡਿਆਂ ਉੱਤੇ ਅਤੇ ਹਥੇਲੀਆਂ ਅਕਾਸ਼ ਵੱਲ ਰੱਖੋ। ਇਸ ਅਵਸਥਾ ਵਿੱਚ ਬੈਠੇ ਹੋਏ ਇੱਕ ਲੰਮਾ ਸਾਹ ਅੰਦਰ ਨੂੰ ਖਿੱਚੋ ਤਾਂ ਜੋ ਫੇਫੜੇ ਪੂਰਨ ਤੌਰ ‘ਤੇ ਹਵਾ ਨਾਲ ਭਰ ਜਾਣ। ਇਸ ਪਿੱਛੋਂ ਸਾਹ ਨੂੰ ਬਾਹਰ ਛੱਡਦੇ ਹੋਏ ਪੇਟ ਦੀਆਂ ਮਾਸਪੇਸ਼ੀਆਂ ਨੂੰ ਝਟਕੇ ਨਾਲ ਪਿੱਠ ਵੱਲ ਖਿੱ ਇਸ ਕਿਰਿਆ ਨਾਲ ਪੂਰਾ ਸਾਹ ਇਕਦਮ ਫ਼ੇਫੜਿਆਂ ਵਿੱਚੋਂ ਬਾਹਰ ਨਿਕਲ ਜਾਵੇਗਾ। ਇਸ ਮਗਰੋਂ ਜਦੋਂ ਪੇਟ ਦੀਆਂ ਮਾਸਪੇਸ਼ੀਆਂ ਆਪਣੀ ਆਮ ਸਥਿਤੀ ਵਿੱਚ ਆਉਂਦੀਆਂ ਹਨ ਤਾਂ ਬਾਹਰੋਂ ਆਪਣੇ ਆਪ ਹਵਾ ਫੇਫੜਿਆਂ ਵਿੱਚ ਚਲੀ ਜਾਂਦੀ ਹੈ। ਦੁਬਾਰਾ ਫਿਰ ਪੇਟ ਨੂੰ ਝਟਕੇ ਨਾਲ ਪਿਛਾਂਹ ਨੂੰ ਖਿੱਚੋ।
ਇਹ ਕਿਰਿਆ ਨਿਰੰਤਰ ਜਾਰੀ ਰੱਖੋ ਤੇ ਇਸ ਕਿਰਿਆ ਨੂੰ ਵੀਹ ਵਾਰੀ ਦੁਹਰਾਉਣ ਨਾਲ ਕਪਾਲਭਾਤੀ ਦਾ ਇੱਕ ਚੱਕਰ ਪੂਰਾ ਹੁੰਦਾ ਹੈ। ਕੁਝ ਚਿਰ ਅਰਾਮ ਕਰਨ ਪਿੱਛੋਂ ਮੁੜ ਕਪਾਲਭਾਤੀ ਦਾ ਚੱਕਰ ਪੂਰਾ ਕਰੋ। ਆਪਣੀ ਸਮਰੱਥਾ ਮੁਤਾਬਕ ਤਿੰਨ ਤੋਂ ਪੰਜ ਚੱਕਰ ਕਰਨੇ ਚਾਹੀਦੇ ਹਨ।
ਲਾਭ (Advantages)—ਇਸ ਕਿਰਿਆ ਦੇ ਹੇਠ ਲਿਖੇ ਲਾਭ ਹਨ—
1. ਨਾੜੀ-ਮਾਸਪੇਸ਼ੀ ਵਿੱਚ ਚੰਗਾ ਤਾਲ-ਮੇਲ ਹੁੰਦਾ ਹੈ।
2. ਮਾਨਸਿਕ ਤਣਾਅ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ।
3. ਇਸ ਨਾਲ ਲਹੂ-ਗੇੜ ਪ੍ਰਨਾਲੀ ਵਿੱਚ ਸੁਧਾਰ ਹੁੰਦਾ ਹੈ।
4. ਕਪਾਲਭਾਤੀ ਪ੍ਰਾਣਾਯਾਮ ਸਾਡੀ ਪਾਚਨ ਕਿਰਿਆ ਤੇਜ਼ ਕਰਦਾ ਹੈ।
5. ਨਾੜੀਆਂ ਦੀ ਸ਼ੁੱਧਤਾ ਲਈ ਬੜੀ ਉਪਯੋਗੀ ਕਿਰਿਆ ਹੈ।
6. ਇਹ ਸਰੀਰ ਦਾ ਭਾਰ ਘੱਟ ਕਰਨ ਲਈ ਲਾਭਦਾਇਕ ਹੈ।
7. ਇਹ ਪ੍ਰਾਣਾਯਾਮ ਕਰਨ ਨਾਲ ਫੇਫੜੇ ਮਜ਼ਬੂਤ ਅਤੇ ਤਾਕਤਵਰ ਬਣਦੇ ਹਨ।
ਪ੍ਰਸ਼ਨ 9. ਭਸਤਰਿਕਾ ਪ੍ਰਾਣਾਯਾਮ ਵਿਧੀ ਕੀ ਹੈ ਅਤੇ ਲਾਭ ਲਿਖੋ?
ਉੱਤਰ-ਭਸਤਰਿਕਾ ਪ੍ਰਾਣਾਯਾਮ (Bhastrika Pranayama)- ਪ੍ਰਾਣਾਯਾਮ ਦੀ ਇਸ ਵਿਧੀ ਨੂੰ ਕਰਨ ਲਈ ਆਪਣੀਆਂ ਲੱਤਾਂ ਨੂੰ ਗੋਡਿਆਂ ਤੋਂ ਮੋੜਦੇ ਹੋਏ ਵਜਰ ਆਸਣ ਦੀ ਸਥਿਤੀ ਵਿੱਚ ਬੈਠ ਜਾਓ। ਵਜਰ ਆਸਣ ਵਿੱਚ ਪਿੱਠ ਸਿੱਧਾ ਰੱਖਣ ਅਤੇ ਸਾਹ ਕਿਰਿਆ ਨੂੰ ਪ੍ਰਭਾਵੀ ਰੂਪ ' ਵਿੱਚ ਚਾਲੂ ' ਰੱਖਣ ਵਿੱਚ ਸਹਾਇਤਾ ਮਿਲਦੀ ਹੈ।ਆਪਣੀਆਂ ਦੋਵੇਂ ਬਾਹਾਂ ਨੂੰ ਸਰੀਰ ਦੇ ਕੋਲ ਰੱਖਦੇ ਅਤੇ ਕੂਹਣੀਆਂ ਤੋਂ ਮੋੜਦੇ ਹੋਏ ਆਪਣੇ ਦੋਵੇਂ ਹੱਥਾਂ ਨੂੰ ਮੋਢਿਆਂ ਕੋਲ ਲੈ ਕੇ ਜਾਓ। ਇਸ ਸਥਿਤੀ ਵਿੱਚ ਦੋਵੇਂ ਹੱਥਾਂ ਦੀਆਂ ਮੁੱਠੀਆਂ ਬੰਦ ਰੱਖੋ। ਇੱਕ ਲੰਮਾ ਸਾਹ ਖਿੱਚਦੇ ਹੋਏ ਆਪਣੀਆਂ ਦੋਵੇਂ ਬਾਹਾਂ ਨੂੰ ਸਿਰ ਦੇ ਉੱਪਰ ਵੱਲ ਨੂੰ ਸਿੱਧਾ ਕਰੋ। ਬਾਹਾਂ ਉੱਪਰ ਵੱਲ ਸਿੱਧੀਆਂ ਕਰਦੇ ਹੋਏ ਹੱਥਾਂ ਦੀਆਂ ਮੁੱਠੀਆਂ ਖੋਲ੍ਹ ਦਿਓ। ਪੂਰਾ ਸਾਹ ਭਰਨ ਤੋਂ ਬਾਅਦ ਪੂਰੇ ਜ਼ੋਰ ਨਾਲ ਸਾਹ ਨੂੰ ਬਾਹਰ ਛੱਡਦੇ ਹੋਏ ਬਾਹਾਂ ਨੂੰ ਤੇਜ਼ੀ ਨਾਲ ਹੇਠਾਂ ਵੱਲ ਲੈ ਕੇ ਆਓ। ਬਾਹਾਂ ਨੂੰ ਕੂਹਣੀਆਂ ਤੋਂ ਮੋੜ ਕੇ ਪਹਿਲਾਂ ਵਾਲੀ ਸਥਿਤੀ ਵਿੱਚ ਮੋਢਿਆਂ ਕੋਲ ਰੱਖੋ ਅਤੇ ਮੁੱਠੀਆਂ ਬੰਦ ਕਰ ਲਓ। ਇਸ ਕਿਰਿਆ ਨੂੰ 20 ਵਾਰ ਦੁਹਰਾਉਣਾ ਚਾਹੀਦਾ ਹੈ ਜਿਸ ਨਾਲ ਭਸਤਰਿਕਾ ਪ੍ਰਾਣਾਯਾਮ ਦਾ ਇੱਕ ਚੱਕਰ ਪੂਰਾ ਹੋ ਜਾਵੇਗਾ। ਇੱਕ ਚੱਕਰ ਪੂਰਾ ਹੋਣ ਉਪਰੰਤ ਆਪਣੀਆਂ ਬਾਹਾਂ ਨੂੰ ਸਿੱਧਾ ਕਰਕੇ ਅਰਾਮ ਦੀ ਸਥਿਤੀ ਵਿੱਚ ਬੈਠਣ ਲਈ ਆਪਣੇ ਹੱਥ ਪੱਟਾਂ ਉੱਪਰ ਰੱਖ ਲਓ। ਸਾਹ ਨੂੰ ਸਧਾਰਨ ਗਤੀ ਨਾਲ ਲੈਂਦੇ ਹੋਏ ਸਰੀਰ ਨੂੰ ਅਰਾਮ ਵਾਲੀ (Relax) ਸਥਿਤੀ ਵਿੱਚ ਰੱਖੋ। ਸਰੀਰ ਨੂੰ ਅਰਾਮ ਦੀ ਸਥਿਤੀ ਵਿੱਚ ਆਉਣ ਉਪਰੰਤ ਭਸਤਰਿਕਾ ਪ੍ਰਾਣਾਯਾਮ ਦਾ ਦੂਜਾ ਚੱਕਰ ਸ਼ੁਰੂ ਕਰੋ।
ਲਾਭ (Advantages)—
1. ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ।
2. ਪੇਟ ਦੀਆਂ ਮਾਸਪੇਸ਼ੀਆਂ ਮਜਬੂਤ ਬਣਦੀਆਂ ਹਨ।
3. ਇਸ ਪ੍ਰਾਣਾਯਾਮ ਨਾਲ ਸਰੀਰ ਵਿੱਚ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ।
4. ਇਸ ਪ੍ਰਾਣਾਯਾਮ ਨਾਲ ਵਿਅਕਤੀ ਦੀ ਮਾਨਸਿਕ ਕੁਸ਼ਲਤਾ ਵੱਧਦੀ ਹੈ। 5. ਸਰੀਰ ਵਿੱਚ ਮੌਜੂਦ ਨੁਕਸਾਨਦੇਹ ਮਾਦਾ ਬਾਹਰ ਨਿਕਲ ਜਾਂਦਾ ਹੈ।
6. ਸਾਹ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।
ਪਾਠ 5 ਪੰਜਾਬ ਖੇਡ ਜਗਤ ਦੀਆਂ ਪ੍ਰਮੁੱਖ ਹਸਤੀਆਂ (Prominent Sports Personalities of Punjab)
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਬਲਬੀਰ ਸਿੰਘ ਸੀਨੀਅਰ ਦੀ ਖੇਡ ____ ਸੀ।
ਉੱਤਰ- ਬਲਬੀਰ ਸਿੰਘ ਸੀਨੀਅਰ ਦੀ ਖੇਡ ਹਾਕੀ ਸੀ।
ਪ੍ਰਸ਼ਨ 2. ਬਲਬੀਰ ਸਿੰਘ ਦਾ ਉਲੰਪਿਕ ਖੇਡਾਂ ਵਿੱਚ ਕਿਹੜਾ ਤਮਗਾ ਸੀ ?
ਉੱਤਰ – ਬਲਬੀਰ ਸਿੰਘ ਦਾ ਉਲੰਪਿਕ ਖੇਡਾਂ ਵਿੱਚ ਗੋਲਡ (ਸੋਨੇ ਦਾ) ਤਮਗਾ ਸੀ।
ਪ੍ਰਸ਼ਨ 3. ਕੌਰ ਸਿੰਘ ਨੇ ਕਿਹੜੇ ਮਹਾਨ ਮੁੱਕੇਬਾਜ਼ ਨਾਲ ਪ੍ਰਦਰਸ਼ਨੀ ਮੁਕਾਬਲਾ ਕੀਤਾ ਸੀ ?
ਉੱਤਰ- ਮੁੱਕੇਬਾਜ਼ ਮੁਹੰਮਦ ਅਲੀ ਨਾਲ।
ਪ੍ਰਸ਼ਨ 4. ਮਿਲਖਾ ਸਿੰਘ ਦਾ ਫਲਾਇੰਗ ਸਿੱਖ ਨਾਂ ਭਾਰਤ ਦੇਸ਼ ਵਿੱਚ ਪਿਆ। (ਸਹੀ/ਗ਼ਲਤ)
ਉੱਤਰ- ਗ਼ਲਤ
ਪ੍ਰਸ਼ਨ 5. ਕੌਰ ਸਿੰਘ ਦੀ ਖੇਡ ਦਾ ਨਾਂ ਦੱਸੋ।
(ੳ) ਐਥਲੈਟਿਕਸ (ਅ) ਜਿਮਨਾਸਟਿਕ (ੲ) ਮੁੱਕੇਬਾਜ਼ੀ (ਸ) ਫੁੱਟਬਾਲ।
ਉੱਤਰ—(ੲ) ਮੁੱਕੇਬਾਜ਼ੀ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 6. ਬਲਬੀਰ ਸਿੰਘ ਸੀਨੀਅਰ ਦੇ ਮੁੱਢਲੇ ਜੀਵਨ ਬਾਰੇ ਨੋਟ ਲਿਖੋ।
ਉੱਤਰ—ਬਲਬੀਰ ਸਿੰਘ ਦਾ ਮੁੱਢਲਾ ਜੀਵਨ— ਬਲਬੀਰ ਸਿੰਘ ਦਾ ਜਨਮ ਉਸ ਦੇ ਨਾਨਕੇ ਪਿੰਡ ਹਰੀਪੁਰ ਖਾਲਸਾ (ਫਿਲੌਰ) ਵਿਖੇ 10 ਅਕਤੂਬਰ, 1924 ਨੂੰ ਹੋਇਆ।ਸ. ਦਲੀਪ ਸਿੰਘ ਉਸ ਦੇ ਪਿਤਾ ਸਨ ਅਤੇ ਸ੍ਰੀਮਤੀ ਕਰਮ ਕੌਰ ਮਾਤਾ ਸਨ। ਉਸ ਦੇ ਪਿਤਾ ਇੱਕ ਅਜ਼ਾਦੀ ਘੁਲਾਟੀਏ ਅਤੇ ਮੋਗਾ ਵਿਖੇ ਅਧਿਆਪਕ ਸਨ। ਇਸ ਕਾਰਨ ਉਸ ਨੇ ਆਪਣੀ ਮੁਢਲੀ ਸਿੱਖਿਆ ਦੇਵ ਸਮਾਜ ਸਕੂਲ, ਮੋਗਾ ਤੋਂ ਹਾਸਲ ਕੀਤੀ। ਉਸ ਨੇ ਸਕੂਲ ਦੀ ਹਾਕੀ ਟੀਮ ਵਿੱਚ ਖੇਡਣਾ ਸ਼ੁਰੂ ਕੀਤਾ।
ਪ੍ਰਸ਼ਨ 7, ਪਦਮਸ਼੍ਰੀ ਕੌਰ ਸਿੰਘ ਦੀਆਂ ਖੇਡ ਪ੍ਰਾਪਤੀਆਂ ਬਾਰੇ ਲਿਖੋ।
ਉੱਤਰ—ਪਦਮਸ਼੍ਰੀ ਕੌਰ ਸਿੰਘ ਦੀਆਂ ਖੇਡ ਵਿੱਚ ਪ੍ਰਾਪਤੀਆਂ
1. ਕੌਰ ਸਿੰਘ ਨੇ ਪਹਿਲੀ ਵਾਰ 1979 ਵਿੱਚ ਹੋਈ 25ਵੀਂ ਸੀਨੀਅਰ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਹੈਵੀਵੇਟ ਵਰਗ ਵਿੱਚ ਜਿੱਤ ਹਾਸਲ ਕਰਕੇ ਸੋਨੇ ਦਾ ਤਮਗਾ ਪ੍ਰਾਪਤ ਕੀਤਾ। ਫਿਰ ਨੌਵੀਆਂ ਏਸ਼ੀਅਨ ਐਮੇਚਿਊਰ ਮੁੱਕੇਬਾਜ਼ੀ ਚੈਂਪੀਅਨਸ਼ਿਪ 1980 ਈ. ਵਿੱਚ ਮੁੰਬਈ ਵਿਖੇ ਸੋਨੇ ਦਾ ਤਮਗਾ ਜਿੱਤਿਆ।
2. 1980 ਈ. ਦੇ ਕਿੰਗਜ਼ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਥਾਈਲੈਂਡ ਵਿਖੇ ਚਾਂਦੀ ਦਾ ਤਮਗਾ ਜਿੱਤਿਆ ਤੇ 1982 ਈ. ਵਿੱਚ ਇਸੇ ਟੂਰਨਾਮੈਂਟ ਵਿੱਚ ਸੋਨੇ ਦਾ ਤਮਗਾ ਜਿੱਤਿਆ।
3. 1982 ਈ. ਵਿੱਚ ਦਸਵੀਆਂ ਏਸ਼ੀਅਨ ਐਮੇਚਊਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਸਿਉਲ ਤੇ ਜਪਾਨ ਵਿਖੇ ਸੋਨ ਤਮਗ਼ਾ ਜਿੱਤਿਆ।
4. 1982 ਈ. ਦੀਆਂ ਏਸ਼ਿਆਈ ਖੇਡਾਂ ਵਿੱਚ ਨਵੀਂ ਦਿੱਲੀ ਵਿਖੇ ਹੈਵੀਵੇਟ ਵਰਗ ਵਿੱਚ ਸੋਨ ਤਮਗਾ ਜਿੱਤਿਆ।
ਪ੍ਰਸ਼ਨ 8. ਮਿਲਖਾ ਸਿੰਘ ਦੇ ਮੁੱਢਲੇ ਜੀਵਨ ਬਾਰੇ ਲਿਖੋ।
ਉੱਤਰ—ਮਿਲਖਾ ਸਿੰਘ ਦਾ ਮੁੱਢਲਾ ਜੀਵਨ—ਮਿਲਖਾ ਸਿੰਘ ਦਾ ਜਨਮ 20 ਨਵੰਬਰ, 1935 ਈ. ਵਿੱਚ ਪਿਤਾ ਸੰਪੂਰਨ ਸਿੰਘ ਦੇ ਘਰ ਮਾਤਾ ਵਧਾਈ ਕੌਰ ਦੀ ਕੁੱਖੋਂ ਗੋਬਿੰਦਪੁਰਾ (ਪਾਕਿਸਤਾਨ) ਵਿਖੇ ਹੋਇਆ। ਉਸ ਦਾ ਮੁੱਢਲਾ ਜੀਵਨ ਬੜਾ ਸੰਘਰਸ਼ਮਈ ਰਿਹਾ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 9. ਬਲਬੀਰ ਸਿੰਘ ਦੇ ਖੇਡ ਕਰੀਅਰ ਬਾਰੇ ਵਿਸਤਾਰ ਨਾਲ ਲਿਖੋ।
ਉੱਤਰ—ਬਲਬੀਰ ਸਿੰਘ ਦਾ ਖੇਡ ਕਰੀਅਰ-ਬਲਬੀਰ ਸਿੰਘ 1945 ਈ. ਵਿੱਚ ਪੰਜਾਬ ਪੁਲਿਸ ਵਿਚ ਭਰਤੀ ਹੋ ਗਿਆ। ਪੰਜਾਬ ਪੁਲਿਸ ਵਿੱਚ ਉਸਨੇ ਕੋਈ 16 ਕੁ ਸਾਲ ਨੌਕਰੀ ਕੀਤੀ। ਪੁਲਿਸ ਦੀ ਨੌਕਰੀ ਦੌਰਾਨ ਕਈ ਰਾਸ਼ਟਰੀ ਅਤੇ ਅੰਤਰ- ਰਾਸ਼ਟਰੀ ਮੈਚ ਖੇਡੇ। ਉਹ 1947 ਈ. ਵਿੱਚ ਪਹਿਲੀ ਵਾਰ ਭਾਰਤੀ ਟੀਮ ਦਾ ਮੈਂਬਰ ਬਣ ਕੇ ਸ਼੍ਰੀਲੰਕਾ ਵਿਖੇ ਖੇਡਣ ਗਿਆ। ਉਸਦੀ ਸਾਲਾਂਬੱਧੀ ਕੀਤੀ ਮਿਹਨਤ ਉਦੋਂ ਰੰਗ ਲਿਆਈ ਜਦੋਂ 1948 ਈ. ਵਿੱਚ ਲੰਡਨ ਉਲੰਪਿਕ ਖੇਡਾਂ ਵਿੱਚ ਅਰਜਨਟੀਨਾ ਦੇ ਖਿਲਾਫ ਭਾਰਤ ਨੇ 9-1 ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਇਨ੍ਹਾਂ 9 ਗੋਲਾਂ ਵਿੱਚੋਂ 6 ਗੋਲ ਇਕੱਲੇ ਬਲਬੀਰ ਸਿੰਘ ਨੇ ਕੀਤੇ। ਇੰਞ ਹੀ ਭਾਰਤ ਨੇ ਬ੍ਰਿਟੇਨ ਦੇ ਵਿਰੁੱਧ ਉਲੰਪਿਕ ਦੇ ਫ਼ਾਈਨਲ ਮੈਚ ਵਿੱਚ 4-0 ਦੇ ਫ਼ਰਕ ਨਾਲ ਮੈਚ ਜਿੱਤ ਕੇ ਗੋਲਡ ਮੈਡਲ ਪ੍ਰਾਪਤ ਕੀਤਾ। ਇਨ੍ਹਾਂ 4 ਗੋਲਾਂ ਵਿੱਚੋਂ 2 ਗੋਲ ਇਕੱਲੇ ਬਲਬੀਰ ਸਿੰਘ ਨੇ ਕੀਤੇ। ਇਨ੍ਹਾਂ ਉਲੰਪਿਕ ਖੇਡਾਂ ਵਿੱਚ ਭਾਰਤ ਨੂੰ ਗੋਲਡ ਮੈਡਲ ਉਪਲਬਧ ਕਰਵਾਉਣ ਵਿੱਚ ਬਲਬੀਰ ਸਿੰਘ ਦੀ ਭੂਮਿਕਾ ਮਹੱਤਵਪੂਰਨ ਰਹੀ
ਉਹ ਉਲੰਪਿਕ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲਾ ਖਿਡਾਰੀ ਸੀ। 1952 ਈ. ਦੀਆਂ ਹੈਲਸਿੰਕੀ ਉਲੰਪਿਕ ਖੇਡਾਂ ਲਈ ਉਹ ਭਾਰਤ ਦੀ ਹਾਕੀ ਟੀਮ ਵਿੱਚ ਦੂਜੀ ਵਾਰ ਚੁਣਿਆ ਗਿਆ। ਉਹ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਸੀ। ਇਹਨਾਂ ਉਲੰਪਿਕ ਖੇਡਾਂ ਵਿੱਚ ਉਸ ਨੂੰ ਉਪ-ਕਪਤਾਨ ਬਣਾਇਆ ਗਿਆ।ਇਨ੍ਹਾਂ ਖੇਡਾਂ ਵਿੱਚ ਭਾਰਤ ਦਾ ਸੈਮੀ-ਫ਼ਾਈਨਲ ਮੈਚ ਬ੍ਰਿਟੇਨ ਨਾਲ ਹੋਇਆ। ਇਹ ਮੈਚ ਭਾਰਤ ਨੇ 3-1 ਦੇ ਫ਼ਰਕ ਨਾਲ ਜਿੱਤ ਲਿਆ। ਇਹ ਤਿੰਨੇ ਗੋਲ ਬਲਬੀਰ ਸਿੰਘ ਨੇ ਕੀਤੇ। ਇਹਨਾਂ ਖੇਡਾਂ ਵਿੱਚ ਫ਼ਾਈਨਲ ਮੈਚ ਭਾਰਤ ਨੇ 6-1 ਦੇ ਫ਼ਰਕ ਨਾਲ ਨੀਦਰਲੈਂਡ ਤੋਂ ਜਿੱਤ ਲਿਆ। ਇਸ ਮੈਚ ਵਿੱ ਇਕੱਲੇ ਬਲਬੀਰ ਸਿੰਘ ਨੇ 5 ਗੋਲ ਕੀਤੇ। ਫਾਈਨਲ ਵਿੱਚ 5 ਗੋਲ ਕਰਨ ਦਾ ਰਿਕਾਰਡ ਅਜੇ ਵੀ ਉਹਨਾਂ ਦੇ ਨਾਂ ਉੱਤੇ ਦਰਜ ਹੈ ਜੋ ਕਿ ਉਲੰਪਿਕ ਖੇਡਾਂ ਦਾ ਸਭ ਤੋਂ ਪੁਰਾਣਾ ਰਿਕਾਰਡ ਹੈ ਤੇ ਅਜੇ ਤੱਕ ਨਹੀਂ ਟੁੱਟਿਆ।ਇਸ ਤੋਂ ਬਿਨਾਂ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਵੀ ਰਿਕਾਰਡ ਦਰਜ ਹੈ। ਇਨ੍ਹਾਂ ਖੇਡਾਂ ਵਿੱਚ ਭਾਰਤ ਨੇ ਕੁੱਲ 13 ਗੋਲ ਕੀਤੇ ਸਨ ਜਿਨ੍ਹਾਂ ਵਿੱਚ ਇਕੱਲੇ ਉਹਨਾਂ ਦੇ 9 ਗੋਲ ਕਰਨ ਦਾ ਰਿਕਾਰਡ ਬਣਿਆ ਜੋ ਕਿ ਹਾਲੇ ਤੱਕ ਵੀ ਸਥਾਪਿਤ ਹੈ।
1956 ਈ. ਵਿੱਚ ਮੈਲਬੌਰਨ (ਆਸਟਰੇਲੀਆ) ਉਲੰਪਿਕ ਖੇਡਾਂ ਲਈ ਉਨ੍ਹਾਂ ਨੂੰ ਭਾਰਤੀ ਟੀਮ ਦਾ ਕਪਤਾਨ ਚੁਣ ਕੇ ਭੇਜਿਆ ਗਿਆ। ਇਸ ਵਾਰ ਵੀ ਉਹ ਉਲੰਪਿਕ ਖੇਡਾਂ ਵਿੱਚ ਝੰਡਾਬਰਦਾਰ ਸੀ। ਇੱਥੇ ਉਹਨਾਂ ਨੇ ਮੁੱਢਲੇ ਮੈਚ ਵਿੱਚ ਅਫ਼ਗ਼ਾਨਿਸਤਾਨ ਦੇ ਵਿਰੁੱਧ 5 ਗੋਲ ਕੀਤੇ। ਇਹਨਾਂ ਖੇਡਾਂ ਵਿੱਚ ਇੱਕ ਮੈਚ ਦੌਰਾਨ ਉਹਨਾਂ ਦੀ ਉਂਗਲ ਦੀ ਹੱਡੀ ਟੁੱਟ ਗਈ। ਇਸ ਗੱਲ ਦਾ ਵਿਰੋਧੀ ਟੀਮਾਂ ਨੂੰ ਪਤਾ ਨਾ ਚੱਲੇ ਇਸ ਕਰਕੇ ਟੀਮ ਦੀ ਮਨੈਜਮੈਂਟ ਨੇ ਉਹਨਾਂ ਨੂੰ ਇਸ ਸੱਟ ਦਾ ਲੁਕੋਅ ਰੱਖਣ ਲਈ ਕਿਹਾ ਤਾਂਕਿ ਵਿਰੋਧੀ ਟੀਮਾਂ ਨੂੰ ਖਿਡਾਰੀ ਦਾ ਖੌਫ਼ ਬਣਿਆ ਰਹੇ। ਇਸ ਟੂਰਨਾਮੈਂਟ ਦੇ ਸੈਮੀਫ਼ਾਈਨਲ ਅਤੇ ਫ਼ਾਈਨਲ ਮੈਚ ਉਹਨਾਂ ਤੋਂ ਬਿਨਾਂ ਜਿੱਤਣੇ ਸੰਭਵ ਨਹੀਂ ਲੱਗ ਰਹੇ ਸਨ। ਇਨ੍ਹਾਂ ਹਾਲਾਤਾਂ ਵਿੱਚ ਇਸ ਮਹਾਨ ਖਿਡਾਰੀ ਨੇ ਆਪਣੀ ਉਂਗਲ ਦੀ ਸੱਟ ਅਤੇ ਪੀੜਾ ਦੀ ਉੱਕਾ ਪ੍ਰਵਾਹ ਨਾ ਕਰਦੇ ਹੋਏ ਇਹ ਮੈਚ ਖੇਡੇ। ਇਨ੍ਹਾਂ ਉਲੰਪਿਕ ਖੇਡਾਂ ਵਿੱਚ ਭਾਰਤ ਦਾ ਫ਼ਾਈਨਲ ਮੈਚ ਪਾਕਿਸਤਾਨ ਨਾਲ ਖੇਡਿਆ ਗਿਆ। ਇਹ ਮੈਚ ਭਾਰਤ ਨੇ ਪਾਕਿਸਤਾਨ ਨੂੰ 1-0 ਦੇ ਫ਼ਰਕ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਇਸ ਤੋਂ ਬਿਨਾਂ ਉਨ੍ਹਾਂ ਨੇ ਕਈ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਮੈਡਲ ਜਿੱਤੇ। ਬਲਬੀਰ ਸਿੰਘ ਦੀ ਕਪਤਾਨੀ ਦੇ ਅਧੀਨ 1956 ਈ. ਦੀਆਂ ਉਲੰਪਿਕ ਖੇਡਾਂ ਵਿੱਚ ਭਾਰਤੀ ਟੀਮ ਨੇ 38 ਗੋਲ ਕੀਤੇ ਅਤੇ ਇੱਕ ਵੀ ਗੋਲ ਆਪਣੀ ਟੀਮ ਵੱਲ ਨਹੀਂ ਹੋਣ ਦਿੱਤਾ ਜੋ ਕਿ ਇੱਕ ਰਿਕਾਰਡ ਵੱਜੋਂ ਅੱਜ ਤੱਕ ਕਾਇਮ ਹੈ। ਉਹਨਾਂ ਨੇ ਬਤੌਰ ਇੱਕ ਖਿਡਾਰੀ ਭਾਰਤ ਦੀ ਝੋਲੀ ਵਿੱਚ ਅਨੇਕਾਂ ਮੈਡਲ ਪਾਉਣ ਪਿੱਛੋਂ ਸਦਾ ਲਈ ਖੇਡਣ ਤੋਂ ਸੰਨਿਆਸ ਲੈ ਲਿਆ।
ਪ੍ਰਸ਼ਨ 10. ਕੌਰ ਸਿੰਘ ਦੀਆਂ ਖੇਡ ਪ੍ਰਾਪਤੀਆਂ ਅਤੇ ਮਿਲੇ ਸਨਮਾਨਾਂ ਦੀ ਜਾਣਕਾਰੀ ਦਿਓ।
ਉੱਤਰ—ਪਦਮਸ਼੍ਰੀ ਕੌਰ ਸਿੰਘ ਦੀਆਂ ਖੇਡਾਂ ਵਿੱਚ ਪ੍ਰਾਪਤੀਆਂ
1. ਕੌਰ ਸਿੰਘ ਨੇ ਪਹਿਲੀ ਵਾਰ 1979 ਵਿੱਚ ਹੋਈ 25ਵੀਂ ਸੀਨੀਅਰ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਹੈਵੀਵੇਟ ਵਰਗ ਵਿੱਚ ਜਿੱਤ ਹਾਸਲ ਕਰਕੇ ਸੋਨੇ ਦਾ ਤਮਗਾ ਪ੍ਰਾਪਤ ਕੀਤਾ। ਫਿਰ ਨੌਵੀਆਂ ਏਸ਼ੀਅਨ ਐਮੇਚਿਊਰ ਮੁੱਕੇਬਾਜ਼ੀ ਚੈਂਪੀਅਨਸ਼ਿਪ 1980 ਈ. ਵਿੱਚ ਮੁੰਬਈ ਵਿਖੇ ਸੋਨੇ ਦਾ ਤਮਗਾ ਜਿੱਤਿਆ।
2. 1980 ਈ. ਦੇ ਕਿੰਗਜ਼ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਥਾਈਲੈਂਡ ਵਿਖੇ ਚਾਂਦੀ ਦਾ ਤਮਗਾ ਜਿੱਤਿਆ ਤੇ 1982 ਈ. ਵਿੱਚ ਇਸੇ ਟੂਰਨਾਮੈਂਟ ਵਿੱਚ ਸੋਨੇ ਦਾ ਤਮਗਾ ਜਿੱਤਿਆ। 3. 1982 ਈ. ਵਿੱਚ ਦਸਵੀਆਂ ਏਸ਼ੀਅਨ ਐਮੇਚਊਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਸਿਉਲ ਤੇ ਜਪਾਨ ਵਿਖੇ ਸੋਨ ਤਮਗਾ ਜਿੱਤਿਆ।
4. 1982 ਈ. ਦੀਆਂ ਏਸ਼ੀਆਈ ਖੇਡਾਂ ਵਿੱਚ ਨਵੀਂ ਦਿੱਲੀ ਵਿਖੇ ਹੈਵੀਵੇਟ ਵਰਗ ਵਿੱਚ ਸੋਨ ਤਮਗਾ ਜਿੱਤਿਆ। ਕੌਰ ਸਿੰਘ ਦੀ ਸਖ਼ਤ ਮਿਹਨਤ ਉਸ ਸਮੇਂ ਰੰਗ ਲਿਆਈ ਜਦੋਂ ਉਸ ਦੀ ਚੋਣ 1984 ਈ. ਵਿੱਚ ਉਲੰਪਿਕ ਖੇਡਾਂ ਲਾਸ- ਏਂਜਲਸ (ਅਮਰੀਕਾ ਲਈ) ਭਾਰਤੀ ਮੁੱਕੇਬਾਜ਼ੀ ਟੀਮ ਲਈ ਹੈਵੀਵੇਟ ਕੈਟਾਗਰੀ ਵਿੱਚ ਹੋਈ। ਇੰਞ ਉਸ ਨੇ ਆਪਣੇ ਕੰਮਾਂ- ਤਰੀ ਕਰੀਅਰ ਵਿੱਚ ਕੁੱਲ 6 ਤਮਗ਼ੀ ਪ੍ਰਾਪਤ ਕੀਤੇ ਕੌਰ ਸਿੰਘ ਨੂੰ ਮਿਲੇ ਸਨਮਾਨ—ਉਸਨੇ ਆਪਣੇ ਖੇਡ ਕਰੀਅਰ ਵਿੱਚ ਜਿਉਂ-ਜਿਉਂ ਪ੍ਰਾਪਤੀਆਂ ਹਾਸਲ ਕੀਤੀਆਂ ਉਵੇਂ-ਉਵੇਂ ਉਸਨੂੰ ਮਾਨ-ਸਨਮਾਨ ਉਪਲਬਧ ਹੁੰਦੇ ਗਏ। ਇਹ ਹੇਠ ਲਿਖੇ ਹਨ—
1. 1971 ਵਿੱਚ ਭਾਰਤੀ ਫ਼ੌਜ ਵੱਲੋਂ ਉਸ ਨੂੰ ‘ਸੈਨਾ ਸੇਵਾ ਮੈਡਲ' ਪ੍ਰਦਾਨ ਕੀਤਾ ਗਿਆ। ਇਸੇ ਸਾਲ ਹੀ ਫ਼ੌਜ ਵੱਲੋਂ ਵਾਸਟ ਸਟਾਰ (Wast Star) ਐਵਾਰਡ ਦੇ ਕੇ ਮਾਣ ਵਧਾਇਆ ਗਿਆ।
2. 1971 ਈ. ਵਿੱਚ ਹੀ ਭਾਰਤੀ ਫ਼ੌਜ ਵੱਲੋਂ ਸੰਗਰਾਮ ਮੈਡਲ' ਦੇ ਕੇ ਉਸ ਨੂੰ ਮਾਣ-ਸਨਮਾਨ ਬਖਸ਼ਿਆ ਗਿਆ। 3. 1982 ਈ. ਵਿੱਚ ਭਾਰਤ ਸਰਕਾਰ ਨੇ ਉਸਨੂੰ ‘ਅਰਜੁਨਾ ਐਵਾਰਡ’ ਦੇ ਕੇ ਸਨਮਾਨਿਤ ਕੀਤਾ।
4. 1983 ਈ. ਵਿੱਚ ਭਾਰਤ ਸਰਕਾਰ ਨੇ ਉਸਨੂੰ ਸਰਵ-ਉੱਚ ਸਨਮਾਨ ਪਦਮਸ਼੍ਰੀ ਐਵਾਰਡ ਦੇ ਕੇ ਨਿਵਾਜਿਆ।
5. 1988 ਈ. ਵਿੱਚ ਭਾਰਤੀ ਫੌਜ ਵੱਲੋਂ ਵਿਸ਼ਿਸ਼ਟ ਸੇਵਾ ਮੈਡਲ (V.S.M.) ਦੇ ਕੇ ਉਸ ਨੂੰ ਸਨਮਾਨਿਤ ਕੀਤਾ ਗਿਆ।
6. ਉਸ ਦੀਆਂ ਖੇਡ ਉਪਲਬਧੀਆਂ ਅਤੇ ਸੰਘਰਸ਼ਮਈ ਜੀਵਨ ਉੱਤੇ ‘ਪਦਮਸ਼੍ਰੀ ਕੌਰ ਸਿੰਘ' ਨਾਂ ਦੀ ਪੰਜਾਬੀ ਫ਼ਿਲਮ ਦਾ ਨਿਰਮਾਣ ਕੀਤਾ ਗਿਆ।
ਪਾਠ 6 ਏਸ਼ੀਅਨ ਅਤੇ ਉਲੰਪਿਕ ਖੇਡਾਂ (Asian and Olympic Games)
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਪੁਰਾਣੀਆਂ ਉਲੰਪਿਕ ਖੇਡਾਂ ਦਾ ਪਤਨ ਵਿੱਚ ਹੋਇਆ।
ਉੱਤਰ-394 ਏ. ਡੀ.
ਪ੍ਰਸ਼ਨ 2. ਨਵੀਨ ਉਲੰਪਿਕ ਖੇਡਾਂ ਕਿੰਨੇ ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ ?
ਉੱਤਰ—ਚਾਰ ਸਾਲ ਬਾਅਦ
ਪ੍ਰਸ਼ਨ 3. ਨਵੀਨ ਉਲੰਪਿਕ ਖੇਡਾਂ ਸੰਨ 1894 ਈ. ਵਿੱਚ ਸ਼ੁਰੂ ਹੋਈਆਂ। (ਸਹੀ/ਗ਼ਲਤ)
ਉੱਤਰ—ਗ਼ਲਤ
ਪ੍ਰਸ਼ਨ 4. ਏਸ਼ੀਅਨ ਖੇਡਾਂ ਕਦੋਂ ਸ਼ੁਰੂ ਹੋਈਆਂ? (A) 1951 (B) 1952 (C) 1953 (D) 1954.
ਉੱਤਰ—(A) 1951
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. ਪੁਰਾਤਨ ਉਲੰਪਿਕ ਖੇਡਾਂ ਦੇ ਨਿਯਮ ਲਿਖੋ।
ਉੱਤਰ-ਪੁਰਾਤਨ ਉਲੰਪਿਕ ਖੇਡਾਂ ਦੇ ਨਿਯਮ (Rules of Ancient Olympic Games)—ਪੁਰਾਤਨ ਉਲੰਪਿਕ ਖੇਡਾਂ ਵਿੱਚ ਬਹੁਤ ਸਾਰੇ ਨਿਯਮ ਬਣਾਏ ਗਏ ਸਨ ਅਤੇ ਇਹਨਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਨਾ ਕੀਤੀ ਜਾਂਦੀ ਸੀ।
1. ਖਿਡਾਰੀ ਯੂਨਾਨੀ ਨਾਗਰਿਕ ਹੋਣਾ ਚਾਹੀਦਾ ਸੀ।
2. ਕੋਈ ਵੀ ਗੁਲਾਮ ਅਤੇ ਔਰਤ ਖੇਡਾਂ ਵਿੱਚ ਭਾਗ ਨਹੀਂ ਲੈ ਸਕਦੇ ਸਨ।
3. ਖਿਡਾਰੀ ਪੇਸ਼ਾਵਰ ਖਿਡਾਰੀ ਨਹੀਂ ਹੋਣਾ ਚਾਹੀਦਾ ਸੀ।
4. ਖਿਡਾਰੀ ਲਈ ਘੱਟ ਤੋਂ ਘੱਟ 10 ਮਹੀਨੇ ਦੀ ਖੇਡ ਸਿਖਲਾਈ ਪ੍ਰਾਪਤ ਕੀਤੀ ਹੋਣੀ ਜ਼ਰੂਰੀ ਸੀ।
5. ਖੇਡਾਂ ਚਾਲੂ ਹੋਣ ਤੋਂ ਇੱਕ ਮਹੀਨਾ ਪਹਿਲਾਂ ਖਿਡਾਰੀ ਨੂੰ ਉਲੰਪਿਕ ਸ਼ਹਿਰ ਵਿੱਚ ਰਹਿਣਾ ਅਤੇ ਖੇਡ ਅਭਿਆਸ ਕਰਨਾ ਲਾਜ਼ਮੀ ਸੀ।
ਪ੍ਰਸ਼ਨ 6. ਨਵੀਨ ਉਲੰਪਿਕ ਖੇਡਾਂ ਦਾ ਮਾਟੋ ਕੀ ਹੈ ?
ਉੱਤਰ-ਉਲੰਪਿਕ ਮਾਟੋ (Olympic Motto)—ਉਲੰਪਿਕ ਖੇਡਾਂ ਦਾ ਮਾਟੋ ਸੀਟੀਅਸ (Citius), ਆਲਟੀਅਸ (Altius) ਅਤੇ ਫਾਰਟੀਅਸ (ortius) ਹੈ। ਇਹ ਤਿੰਨੇ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਹਨ।
1. ਸੀਟੀਅਸ (Citius) ਅਰਥਾਤ ਤੇਜ਼
2.ਆਲਟੀਅਸ (Altius) ਅਰਥਾਤ ਉੱਚਾ।
3. ਫਾਰਟੀਅਸ (Fortius) ਅਰਥਾਤ ਤਕੜਾ ਹੈ।
ਪ੍ਰਸ਼ਨ 7. ਉਲੰਪਿਕ ਖੇਡਾਂ ਬਾਰੇ ਨੋਟ ਲਿਖੋ।
ਉੱਤਰ— ਉਲੰਪਿਕ ਖੇਡਾਂ (Olymnpic Games)— ਪੁਰਾਤਨ ਉਲੰਪਿਕ ਖੇਡਾਂ ਦੇ ਬੰਦ ਹੋਣ ਪਿੱਛੋਂ ਕਈ ਸਦੀਆਂ ਤੱਕ ਇਨ੍ਹਾਂ ਖੇਡਾਂ ਦੇ ਮਹੱਤਵ ਦਾ ਖਿਆਲ ਕਿਸੇ ਨੂੰ ਵੀ ਨਾ ਆਇਆ। ਵਿਸ਼ੇਸ਼ ਰੂਪ ਵਿੱਚ ਗ੍ਰੀਸ (Greece), ਜਿਸ ਨੂੰ ਪੁਰਾਤਨ ਸਮੇਂ ਵਿੱਚ ਯੂਨਾਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇੱਥੋਂ ਦੇ ਲੋਕ ਵੀ ਇਨ੍ਹਾਂ ਖੇਡਾਂ ਨੂੰ ਆਪਣੇ ਦਿਲ ਵਿੱਚੋਂ ਭੁਲਾ ਚੁੱਕੇ ਸਨ। 1863 ਈ. ਵਿੱਚ ਫ਼ਰਾਂਸ ਵਿੱਚ ਪੈਦਾ ਹੋਣ ਵਾਲੇ ਤੇ ਉੱਥੇ ਦੇ ਸਿੱਖਿਆ ਵਿਭਾਗ ਵਿੱਚ ਕੰਮ ਕਰਨ ਵਾਲੇ ਪੈਰੀ, ਡੀ. ਕੁਬਰਟਿਨ ਨੂੰ ਖੇਡਾਂ ਵਿੱਚ ਵਿਸ਼ੇਸ਼ ਰੁਚੀ ਸੀ। ਉਸ ਨੇ ਪੁਰਾਤਨ ਖੇਡਾਂ ਬਾਰੇ ਅਧਿਐਨ ਕੀਤਾ।
ਖੇਡਾਂ ਸੰਬੰਧੀ ਪ੍ਰਾਪਤ ਗਿਆਨ ਤੋਂ ਉਹ ਬੜਾ ਪ੍ਰਭਾਵਿਤ ਹੋਇਆ। 1892 ਈ. ਵਿੱਚ ਬੈਰਨ ਪੈਰੀ ਡੀ ਕੁਬਰਟਿਨ ਨੇ ਪੈਰਿਸ ਵਿਖੇ ਇੱਕ ਸੰਮੇਲਨ ਵਿੱਚ ਉਲੰਪਿਕ ਖੇਡਾਂ ਨੂੰ ਮੁੜ ਸ਼ੁਰੂ ਕਰਨ ਬਾਰੇ ਇੱਕ ਪਰਚਾ ਪੜ੍ਹਿਆ। ਕੁਬਰਟਿਨ ਵੱਲੋਂ ਪੇਸ਼ ਕੀਤੇ ਗਏ ਇਸ ਪ੍ਰਸਤਾਵ ਦੀ ਬਹੁਤ ਸ਼ਲਾਘਾ ਹੋਈ। 1894 ਈ. ਵਿੱਚ ਫ਼ਰਾਂਸ ਵੱਲੋਂ ਇਸ ਪ੍ਰਸਤਾਵ ਨੂੰ ਵਿਚਾਰਨ ਲਈ ਇੱਕ ਹੋਰ ਕਾਨਫਰੈਂਸ ਕੀਤੀ ਗਈ। ਅਨੇਕ ਦੇਸ਼ਾਂ ਨੇ ਇਸ ਵਿੱਚ ਅਪਣੇ ਪ੍ਰਤੀਨਿਧੀ ਭੇਜੇ ਜਿਸ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ 1896 ਈ. ਵਿੱਚ ਏਥਨਜ਼ (ਯੂਨਾਨ) ਵਿੱਚ ਮੁੜ ਤੋਂ ਉਲੰਪਿਕ ਖੇਡਾਂ ਨੂੰ ਨਵੇਂ ਸਿਰੇ ਤੋਂ ਚਾਲੂ ਕੀਤਾ ਜਾਵੇ। ਬੈਰਨ ਪੈਰੀ ਡੀ ਕੁਬਰਟਿਨ ਦੀਆਂ ਕੋਸ਼ਿਸ਼ਾਂ ਕਾਰਨ 5 ਅਪਰੈਲ 1896 ਨੂੰ ਏਥਨਜ਼ ਵਿਖੇ ਉਲੰਪਿਕ ਖੇਡਾਂ ਨੂੰ ਆਯੋਜਿਤ ਕੀਤਾ ਗਿਆ। ਹਜ਼ਾਰਾਂ ਗ੍ਰੀਕ (ਯੂਨਾਨ) ਵਾਸੀਆਂ ਨੇ ਇਕੱਠੇ ਹੋ ਕੇ ਇਹਨਾਂ ਖੇਡਾਂ ਦੀ ਮੁੜ ਸ਼ੁਰੂਆਤ ਦਾ ਸਵਾਗਤ ਕੀਤਾ।
14 ਦੇਸ਼ਾਂ ਦੇ ਕੁੱਲ 241 ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲਿਆ ਜਿਸ ਵਿੱਚ ਐਥਲੈਟਿਕਸ, ਜਿਮਨਾਸਟਿਕ, ਕੁਸ਼ਤੀ, ਵੇਟ ਲਿਫ਼ਟਿੰਗ, ਤੈਰਾਕੀ ਅਤੇ ਨਿਸ਼ਾਨੇਬਾਜ਼ੀ ਆਦਿ 43 ਈਵੈਂਟਸ ਕਰਵਾਏ ਗਏ। ਇਹ ਖੇਡਾਂ' 5 ਅਪਰੈਲ ਤੋਂ 15 ਅਪਰੈਲ 1896 ਤੱਕ ਕਰਵਾਈਆਂ ਗਈਆਂ। ਉਲੰਪਿਕ ਖੇਡਾਂ ਨੂੰ ਮੁੜ ਚਾਲੂ ਕਰਨ ‘ਤੇ ਨਸਲ, ਧਰਮ, ਰੰਗ-ਭੇਦ ਤੇ ਭਾਸ਼ਾ ਆਦਿ ਦੀਆਂ ਹੱਦਾਂ ਨੂੰ ਤੋੜ ਕੇ ਸ਼ਾਂਤੀ ਦੇ ਸੁਨੇਹੇ ਨਾਲ ਖੇਡਾਂ ਨੂੰ ਸਿਰੇ ਚਾੜ੍ਹਨ ਵਿੱਚ ਡੀ, ਕੁਬਰਟਿਨ ਦਾ ਭਾਰੀ ਯੋਗਦਾਨ ਸੀ।1896 ਈ. ਵਿੱਚ ਹੋਈਆਂ ਖੇਡਾਂ ਨੂੰ ਨਵੀਨ ਉਲੰਪਿਕ ਖੇਡਾਂ ਦਾ ਨਾਂ ਦਿੱਤਾ ਗਿਆ। ਕੁਬਰਟਿਨ ਦੀ ਮੁੱਖ ਭੂਮਿਕਾ ਲਈ ਉਸਨੂੰ ਨਵੀਨ ਉਲੰਪਿਕ ਦੇ ਪਿਤਾਮਾ ਵਜੋਂ ਜਾਣਿਆ ਜਾਣ ਲਗਾ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 8. ਨਵੀਨ ਉਲੰਪਿਕ ਖੇਡਾਂ ਬਾਰੇ ਵਿਸਥਾਰ ਨਾਲ ਲਿਖੋ।
ਉੱਤਰ—ਨਵੀਨ ਉਲੰਪਿਕ ਖੇਡਾਂ (Modern Olympic Games)— ਬੈਰਨ ਡੀ. ਕੁਬਰਟਿਨ ਦੇ ਅਨੁਸਾਰ, “ਉਲੰਪਿਕ ਖੇਡਾਂ ਵਿੱਚ ਸਭ ਤੋਂ ਜ਼ਰੂਰੀ ਪੱਖ ਇਨ੍ਹਾਂ ਖੇਡਾਂ ਉੱਤੇ ਜਿੱਤ ਪ੍ਰਾਪਤ ਕਰਨਾ ਨਹੀਂ ਸਗੋਂ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣਾ ਹੈ ਜਿਵੇਂ ਜ਼ਿੰਦਗੀ ਵਿੱਚ ਸਭ ਤੋਂ ਲਾਜ਼ਮੀ ਗੱਲ ਸਫਲਤਾ ਹਾਸਲ ਕਰਨਾ ਨਹੀਂ ਸਗੋਂ ਸੰਘਰਸ਼ ਕਰਨਾ ਹੈ।”
ਨਵੀਨ ਉਲੰਪਿਕ ਖੇਡਾਂ ਦੇ ਨਿਯਮ (Rules of Olympic Games)—ਉਲੰਪਿਕ ਖੇਡਾਂ ਦੇ ਸੰਚਾਲਨ ਲਈ ਨਿਯਮ ਬਹੁਤ ਸਧਾਰਨ ਹੁੰਦੇ ਹਨ ਜੋ ਕਿ ਹੇਠ ਲਿਖੇ ਹਨ—
1. ਉਲੰਪਿਕ ਖੇਡਾਂ ਦੇ ਮੈਂਬਰ ਦੇਸ਼ਾਂ ਦੇ ਖਿਡਾਰੀ ਉਲੰਪਿਕ ਖੇਡਾਂ ਵਿੱਚ ਭਾਗ ਲੈ ਸਕਦੇ ਹਨ।
2. ਕੋਈ ਪੇਸ਼ਾਵਰ ਖਿਡਾਰੀ ਨਹੀਂ ਹੋਣਾ ਚਾਹੀਦਾ। ਇਸਦੀ ਪੁਸ਼ਟੀ ਉਸ ਦੀ ਕੋਈ ਖੇਡ ਕਮੇਟੀ ਕਰਦੀ ਹੈ ਅਤੇ ਖਿਡਾਰੀ ਨੂੰ ਇਹ ਲਿਖ ਕੇ ਵੀ ਦੇਣਾ ਪੈਂਦਾ ਹੈ।
3. ਖਿਡਾਰੀਆਂ ਦੀ ਉਮਰ ਸੀਮਾ ਦੀ ਹੱਦ ਉੱਤੇ ਕੋਈ ਪਾਬੰਦੀ ਨਹੀਂ ਹੈ।
4. ਖਿਡਾਰੀ ਲਈ ਲਿੰਗ, ਜਾਤ ਤੇ ਧਰਮ ਦਾ ਕੋਈ ਭੇਦ-ਭਾਵ ਨਹੀਂ। ਕਿਸੇ ਵੀ ਲਿੰਗ ਵਾਲਾ ਖਿਡਾਰੀ ਅਤੇ ਕੋਈ ਵੀ ਵਿਅਕਤੀ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਸਕਦਾ ਹੈ।
5. ਖਿਡਾਰੀ ਕੋਈ ਨਸ਼ਾ ਕਰਕੇ ਜਾਂ ਦਵਾਈਆਂ ਦਾ ਸੇਵਨ ਕਰਕੇ ਖੇਡ ਵਿੱਚ ਹਿੱਸਾ ਨਹੀਂ ਲੈ ਸਕਦਾ।
6. ਖਿਡਾਰੀ ਦਾ ਬਲੱਡ ਟੈੱਸਟ ਜਾਂ ਲਿੰਗ ਟੈੱਸਟ ਕੀਤਾ ਜਾ ਸਕਦਾ ਹੈ।
7. ਖਿਡਾਰੀ ਵੱਲੋਂ ਦਿੱਤੀ ਜਾਣਕਾਰੀ ਗ਼ਲਤ ਸਿੱਧ ਹੋਣ ਉੱਤੇ ਕਿਸੇ ਸਮੇਂ ਵੀ ਖਿਡਾਰੀ ਦਾ ਪਦਕ (ਮੈਡਲ) ਵਾਪਸ ਲਿਆ ਜਾ ਸਕਦਾ ਹੈ।
ਉਲੰਪਿਕ ਝੰਡਾ (Olympic Flag)—ਇਹ ਤਿੰਨ ਮੀਟਰ ਲੰਮਾ ਅਤੇ ਦੋ ਮੀਟਰ ਚਿੱਟੇ ਰੰਗ ਦੇ ਕੱਪੜੇ ਦਾ ਹੁੰਦਾ ਹੈ। ਇਸ ਉੱਤੇ ਅੰਗਰੇਜ਼ੀ ਦੇ ਅੱਖਰ ਡਬਲਿਊ (W) ਦੀ ਬਣਾਵਟ ਵਾਂਗ ਵੱਖ-ਵੱਖ ਰੰਗਾਂ ਵਿੱਚ ਪੰਜ ਚੱਕਰ ਉੱਕਰੇ ਹੁੰਦੇ ਹਨ। ਇਹ ਝੰਡਾ ਉਲੰਪਿਕ ਖੇਡਾਂ ਦੀ ਪਛਾਣ ਦਾ ਪ੍ਰਤੀਕ ਹੈ। ਝੰਡੇ ਵਿੱਚ ਉੱਪਰ ਵਾਲੇ ਤਿੰਨ ਚੱਕਰ ਨੀਲੇ, ਕਾਲੇ ਤੇ ਲਾਲ ਰੰਗ ਦੇ ਹੁੰਦੇ ਹਨ। ਇਸ ਦੇ ਹੇਠਲੇ ਦੋ ਚੱਕਰ ਪੀਲੇ ‘ਤੇ ਹਰੇ ਹੁੰਦੇ ਹਨ। ਇਹ ਪੰਜ ਚੱਕਰ, ਪੰਜਾਂ ਮਹਾਦੀਪਾਂ ਆਸਟ੍ਰੇਲੀਆ, ਯੂਰਪ, ਅਮਰੀਕਾ, ਏਸ਼ੀਆ ਅਤੇ ਅਫ਼ਰੀਕਾ ਮਹਾਦੀਪਾਂ' ਦੀ ਪ੍ਰਤੀਨਿਧਤਾ ਕਰਦੇ ਹਨ। ਇਨ੍ਹਾਂ ਪੰਜਾਂ ਚੱਕਰਾਂ ਦਾ ਆਪਸ ਵਿੱਚ ਜੁੜੇ ਹੋਣਾ ਸੰਸਾਰ ਦੀ ਇਕਜੁਟਤਾ, ਦੋਸਤੀ ਅਤੇ ਸਦਭਾਵਨਾ ਦੇ ਪ੍ਰਤੀਕ ਵਜੋਂ ਹੈ। ਇਸ ਝੰਡੇ ਦੀ ਰਚਨਾ ਬੋਰਨ ਡੀ ਕੁਬਰਟਿਨ ਨੇ ਕੀਤੀ ਸੀ। ਇਸ ਝੰਡੇ ਨੂੰ ਪਹਿਲੀ ਵਾਰ 1920 ਵਿੱਚ ਐਂਟਵਰਪ ਉਲੰਪਿਕ ਖੇਡਾਂ ਦੌਰਾਨ ਲਹਿਰਾਇਆ ਗਿਆ ਸੀ।
ਉਲੰਪਿਕ ਸਹੁੰ (Olympic Outh)— ਉਲੰਪਿਕ ਖੇਡਾਂ' ਅਰੰਭ ਹੋਣ ਦੇ ਪਹਿਲੇ ਦਿਨ ਦੀਆਂ ਅਰੰਭਿਕ ਰਸਮਾਂ ਦੌਰਾਨ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਵੱਲੋਂ ਮੇਜ਼ਬਾਨ ਦੇਸ਼ ਦਾ ਖਿਡਾਰੀ ਸਹੁੰ ਚੁੱਕਦਾ ਹੈ ਜੋ ਕਿ ਕੁਬਰਟਿਨ ਵੱਲੋਂ ਤਿਆਰ ਕੀਤੀ ਗਈ ਸੀ। ਸਹੁੰ ਲੈਣ ਵਾਲਾ ਖਿਡਾਰੀ ਉਲੰਪਿਕ ਝੰਡੇ ਦੇ ਇੱਕ ਕਿਨਾਰੇ ਨੂੰ ਫੜ ਕੇ ਸਾਰੇ ਖਿਡਾਰੀਆਂ ਵੱਲੋਂ ਖੇਡਾਂ ਵਿੱਚ ਸੱਚੀ ਲਗਨ ਅਤੇ ਇਮਾਨਦਾਰੀ ਨਾਲ ਖੇਡਣ ਦੀ ਸਹੁੰ ਚੁੱਕਦਾ ਹੈ।
ਉਲੰਪਿਕ ਤਮਗੇ (Olympie Medals)—ਨਵੀਨ ਉਲੰਪਿਕ ਖੇਡਾਂ ਵਿੱਚ ਜੇਤੂ ਰਹੇ ਖਿਡਾਰੀਆਂ ਜਾਂ ਟੀਮਾਂ ਨੂੰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉੱਤੇ ਆਉਣ ਉੱਤੇ ਸੋਨੇ, ਚਾਂਦੀ ਅਤੇ ਕਾਂਸੇ ਦੇ ਤਮਗੇ (Medals) ਦਿੱਤੇ ਜਾਂਦੇ ਹਨ। ਇਨ੍ਹਾਂ ਤਮਗਿਆ ਦਾ ਡਿਜ਼ਾਇਨ ਕੌਮਾਂਤਰੀ ਉਲੰਪਿਕ ਕਮੇਟੀ ਦੇ ਬਣਾਏ ਨਿਯਮਾਂ ਅਨੁਸਾਰ ਮੇਜ਼ਬਾਨ ਦੇਸ਼ ਦੀ ਉਲੰਪਿਕ ਕਮੇਟੀ ਵੱਲੋਂ ਬਣਾਇਆ ਜਾਂਦਾ ਹੈ।
ਸਮਾਪਤੀ ਸਮਾਗਮ (Closing Ceremony)—ਉਲੰਪਿਕ ਖੇਡਾਂ ਦੇ ਆਖ਼ਰੀ ਦਿਨ ਖਿਡਾਰੀਆਂ ਦੀ ਮਾਰਚ-ਪਾਸਟ ਉਪਰੰਤ ਸਮਾਪਤੀ ਦਾ ਭਾਸ਼ਣ ਹੁੰਦਾ ਹੈ ਅਤੇ ਰਸਮੀ ਤੌਰ ‘ਤੇ ਉਲੰਪਿਕ ਖੇਡਾਂ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਜਾਂਦਾ ਹੈ। ਅੰਤਰਰਾਸ਼ਟਰੀ ਉਲੰਪਿਕ ਖੇਡਾਂ ਦੇ ਮੁਖੀ ਵੱਲੋਂ ਅਗਲੀਆਂ ਖੇਡਾਂ ਦੇ ਮੇਜ਼ਬਾਨ ਸ਼ਹਿਰ ਦਾ ਐਲਾਨ ਕੀਤਾ ਜਾਂਦਾ ਹੈ। ਸਮਾਪਤੀ ਸਮੇਂ ਉਲੰਪਿਕ ਝੰਡਾ ਉਤਾਰ ਦਿੱਤਾ ਜਾਂਦਾ ਹੈ ਅਤੇ ਅਗਲੀਆਂ ਖੇਡਾਂ ਦੇ ਮੇਜ਼ਬਾਨ ਸ਼ਹਿਰ ਦੇ ਮੇਅਰ ਨੂੰ ਭੇਟ ਕੀਤਾ ਜਾਂਦਾ ਹੈ। ਅੰਤ ਵਿੱਚ ਖੇਡਾਂ ਦੀ ਸ਼ੁਰੂਆਤ ਤੋਂ ਜਗਾਈ ਗਈ ਉਲੰਪਿਕ ਮਸ਼ਾਲ ਬੁਝਾ ਦਿੱਤੀ ਜਾਂਦੀ ਹੈ।
ਪ੍ਰਸ਼ਨ 9, ਏਸ਼ੀਅਨ ਖੇਡਾਂ ਦੀ ਵਿਆਖਿਆ ਕਰੋ।
ਉੱਤਰ-ਏਸ਼ੀਅਨ ਖੇਡਾਂ (Asian Games)- 1948 ਦੀਆਂ ਲੰਡਨ ਉਲੰਪਿਕ ਖੇਡਾਂ ਸਮੇਂ ਸ਼੍ਰੀ ਜੀ. ਡੀ. ਸੋਂਧੀ ਨੇ ਨਵੇਂ ਸਿਰੇ ਤੋਂ ਏਸ਼ੀਅਨ ਖੇਡਾਂ ਨੂੰ ਸ਼ੁਰੂ ਕਰਨ ਦਾ ਪ੍ਰਸਤਾਵ ਪੇਸ਼ ਕੀਤਾ। ਬਹੁਤ ਸਾਰੇ ਏਸ਼ੀਅਨ ਦੇਸ਼ਾਂ ਵੱਲੋਂ ਇਸ ਮਤੇ ਉੱਤੇ ਸਹਿਮਤੀ ਪ੍ਰਗਟ ਕੀਤੀ ਗਈ।ਇਸ ਪ੍ਰਕਾਰ ਪਹਿਲੀਆਂ ਏਸ਼ੀਆਈ ਖੇਡਾਂ ਦਿੱਲੀ ਵਿੱਚ ਕਰਵਾਉਣ ਲਈ ਸਹਿਮਤੀ ਪ੍ਰਗਟ ਕੀਤੀ ਗਈ।
ਏਸ਼ੀਆਈ ਖੇਡਾਂ ਨੂੰ ਚਾਲੂ ਕਰਵਾਉਣ ਅਤੇ ਇਨ੍ਹਾਂ ਖੇਡਾਂ ਦੀ ਰੂਪ-ਰੇਖਾ ਬਣਾਉਣ ਵਿੱਚ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਨੇ ਆਪਣਾ ਵਿਸ਼ੇਸ਼ ਹਿੱਸਾ ਪਾਇਆ। ਪਹਿਲੀਆਂ ਏਸ਼ੀਆਈ ਖੇਡਾਂ ਦਿੱਲੀ ਵਿੱਚ ਕਰਵਾਉਣ ਦੇ ਪ੍ਰਸਤਾਵ ਨੂੰ ਸਿਰੇ ਚੜ੍ਹਾਉਣ ਲਈ ਮਹਾਰਾਜਾ ਯਾਦਵਿੰਦਰ ਸਿੰਘ ਵੱਲੋਂ 1949 ਵਿੱਚ ਏਸ਼ੀਆਈ ਦੇਸ਼ਾਂ ਦੀ ਇੱਕ ਮੀਟਿੰਗ ਬੁਲਾਈ ਗਈ। ਇਹ ਮੀਟਿੰਗ ਬਹੁਤ ਹੀ ਸਫਲ ਹੋਈ। ਇਸ ਮੀਟਿੰਗ ਵਿੱਚ ਏਸ਼ੀਅਨ ਖੇਡਾਂ ਨੂੰ ਕਰਵਾਉਣ ਲਈ ਏਸ਼ੀਅਨ ਗੇਮਜ਼ ਫੈਡਰੇਸ਼ਨ (Asian Games Federation) ਗਠਿਤ ਕੀਤੀ ਗਈ ਤੇ ਇਸ ਦਾ ਸੰਵਿਧਾਨ ਵੀ ਬਣਾਇਆ ਗਿਆ। ਸਭਨਾਂ ਦੇਸ਼ਾਂ ਦੀ ਸਹਿਮਤੀ ਪਿੱਛੋਂ 1951 ਵਿੱਚ 4 ਮਾਰਚ ਤੋਂ ਲੈ ਕੇ 11 ਮਾਰਚ ਤਾਈਂ ਦਿੱਲੀ ਦੇ ਨੈਸ਼ਨਲ ਸਟੇਡੀਅਮ (National Stadium) ਵਿੱਚ ਪਹਿਲੀਆਂ ਏਸ਼ੀਅਨ ਖੇਡਾਂ ਦਾ ਸਫਲ ਆਯੋਜਨ ਕੀਤਾ ਗਿਆ। ਇਹ ਖੇਡਾਂ ਹਰ ਚਾਰ ਸਾਲ ਬਾਅਦ ਅਤੇ ਉਲੰਪਿਕ ਖੇਡਾਂ ਤੋਂ ਇੱਕ ਸਾਲ ਪਹਿਲਾਂ ਕਰਵਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ। ਇਹ ਖੇਡਾਂ ਏਸ਼ੀਅਨ ਗੇਮਜ਼ ਫੈਡਰੇਸ਼ਨ ਦੀ ਅਗਵਾਈ ਹੇਠ 1951 ਤੋਂ 1978 ਤੱਕ ਕਰਵਾਈਆਂ ਜਾਂਦੀਆਂ ਰਹੀਆਂ ਜਦਕਿ 1982 ਤੋਂ ਅੰਤਰਰਾਸ਼ਟਰੀ ਉਲੰਪਿਕ ਕਮੇਟੀ (Inter national Olympic Committee) ਵੱਲੋਂ ਮਨਜੂਰ ਕੀਤੀ ਉਲੰਪਿਕ ਕੌਂਸਲ ਆਫ਼ ਏਸ਼ੀਆ (Olympic Council of Asia) ਇਹਨਾਂ ਖੇਡਾਂ ਦੀ ਅਗਵਾਈ ਕਰ ਰਹੀ ਹੈ। ਹੁਣ ਖੇਡ ਪ੍ਰਤਿਯੋਗਿਤਾਵਾਂ ਦੇ ਖੇਤਰ ਵਿੱਚ ਉਲੰਪਿਕ ਖੇਡਾਂ ਤੋਂ ਬਾਅਦ ਏਸ਼ੀਅਨ ਖੇਡਾਂ ਦਾ ਨਾਂ ਦੁਨੀਆ ਦੇ ਸਾਰਿਆਂ ਤੋਂ ਵੱਡੇ ਖੇਡ ਮੁਕਾਬਲਿਆਂ ਵਿੱਚ ਆਉਂਦਾ ਹੈ।
ਏਸ਼ੀਆਈ ਖੇਡਾਂ ਦਾ ਮਾਟੋ (Motto of Asian Games)—ਇਨ੍ਹਾਂ ਖੇਡਾਂ ਦਾ ਮਾਟੋ ਹੈ— ਸਦਾ ਅਗਾਂਹ ਵੱਧੋ (Ever onward) । ਖੇਡ ਦਾ ਇਹ ਮਾਟੋ ਮਨੁੱਖ ਨੂੰ ਸਦਾ ਸਹੀ ਰਾਹ ਉੱਤੇ ਅਗਾਂਹ ਵੱਧਣ ਦਾ ਸੁਨੇਹਾ ਦਿੰਦਾ ਹੈ।
ਝੰਡਾ (Flag)—ਏਸ਼ੀਅਨ ਖੇਡਾਂ ਦੇ ਝੰਡੇ ਵਿੱਚ ਸਫੈਦ ਕੱਪੜੇ ਉੱਤੇ ਸੰਤਰੀ ਰੰਗ ਦੇ ਸੂਰਜ ਦਾ ਚਿੰਨ੍ਹ ਹੈ। ਝੰਡੇ ਵਿੱਚ ਨੀਲੇ ਰੰਗ ਦੇ ਚੱਕਰ ਬਣੇ ਹੁੰਦੇ ਹਨ ਜਿਨ੍ਹਾਂ ਦੀ ਗਿਣਤੀ ਖੇਡਾਂ ਵਿੱਚ ਹਿੱਸਾ ਲੈ ਰਹੇ ਦੇਸ਼ਾਂ ਦੀ ਸੰਖਿਆ ਦੇ ਸਮਾਨ ਹੁੰਦੀ ਹੈ।
ਖੇਡਾਂ ਦੇ ਨਿਯਮ (Rules of Games)—ਇਨ੍ਹਾਂ ਖੇਡਾਂ ਦੇ ਮੁਕਾਬਲੇ ਕਰਵਾਉਣ ਲਈ ਉਲੰਪਿਕ ਖੇਡਾਂ ਦੇ ਨਿਯਮ ਲਾਗੂ ਹੁੰਦੇ ਹਨ।
ਇਨਾਮ (Reward)–ਏਸ਼ੀਅਨ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਤਿੰਨ ਪ੍ਰਕਾਰ ਦੇ ਤਮਗੇ ਦਿੱਤੇ ਜਾਂਦੇ ਹਨ। ਪਹਿਲਾ ਸਥਾਨ ਲੈਣ ਵਾਲੇ ਖਿਡਾਰੀ ਨੂੰ ਸੋਨ-ਤਮਗਾ, ਦੂਜਾ ਸਥਾਨ ਲੈਣ ਵਾਲੇ ਨੂੰ ਚਾਂਦੀ ਦਾ ਤਮਗ਼ਾ ਅਤੇ ਤੀਜੇ ਸਥਾਨ ਉੱਤੇ ਆਉਣ ਵਾਲੇ ਖਿਡਾਰੀ ਨੂੰ ਕਾਂਸੇ ਦਾ ਤਮਗਾ ਪ੍ਰਦਾਨ ਕੀਤਾ ਜਾਂਦਾ ਹੈ। ਸਮਾਪਤੀ ਸਮਾਗਮ (Closing Ceremony)-ਏਸ਼ੀਅਨ ਖੇਡਾਂ ਦਾ ਸਮਾਪਤੀ ਸਮਾਗਮ ਵੀ ਉਲੰਪਿਕ ਖੇਡਾਂ ਦੀ ਤਰ੍ਹਾਂ ਹੀ ਹੁੰਦਾ ਹੈ।
ਪ੍ਰਸ਼ਨ 10. ਉਲੰਪਿਕ ਸਹੁੰ ਅਤੇ ਸਮਾਪਤੀ ਸਮਾਗਮ ਬਾਰੇ ਨੋਟ ਲਿਖੋ। ਉੱਤਰ—ਉਲੰਪਿਕ ਸਹੁੰ (Olympic Oath)—ਖੇਡਾਂ ਅਰੰਭ ਹੋਣ ਦੇ ਪਹਿਲੇ ਦਿਨ ਦੀਆਂ ਅਰੰਭਿਕ ਰਸਮਾਂ ਦੌਰਾਨ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਵੱਲੋਂ ਮੇਜ਼ਬਾਨ ਦੇਸ਼ ਦਾ ਖਿਡਾਰੀ ਸਹੁੰ ਚੁੱਕਦਾ ਹੈ ਜੋ ਕਿ ਕੁਬਰਟਿਨ ਵਲੋਂ ਤਿਆਰ ਕੀਤੀ ਗਈ ਸੀ। ਸਭ ਤੋਂ ਪਹਿਲਾਂ ਇਹ ਸਹੁੰ 1920 ਵਿੱਚ ਐਂਟਵਰਪ ਖੇਡਾਂ ਸਮੇਂ ਚੁੱਕੀ ਗਈ ਸੀ।
“ਸਾਰੇ ਖਿਡਾਰੀਆਂ ਵੱਲੋਂ ਮੈਂ ਸਹੁੰ ਚੁੱਕਦਾ ਹਾਂ ਕਿ ਅਸੀਂ ਇਹਨਾਂ ਉਲੰਪਿਕ ਖੇਡਾਂ ਵਿੱਚ, ਖੇਡ ਨਿਯਮਾਂ ਦੀ ਪਾਲਨਾ ਕਰਦੇ ਹੋਏ ਉਹਨਾਂ ਉੱਪਰ ਪਾਬੰਦ ਰਹਾਂਗੇ। ਅਸੀਂ ਨਸ਼ੇ ਅਤੇ ਡੋਪਿੰਗ ਦਾ ਇਸਤੇਮਾਲ ਕਰਨ ਤੋਂ ਬਿਨਾਂ ਖੇਡ ਭਾਵਨਾ ਨਾਲ ਖੇਡਾਂ ਦੇ ਗੌਰਵ, ਟੀਮਾਂ ਦੇ ਸਨਮਾਨ ਅਤੇ ਆਪਣੇ ਦੇਸ਼ ਦਾ ਨਾਂ ਉੱਚਾ ਚੁੱਕਣ ਲਈ ਭਾਗ ਲਵਾਂਗੇ।”
ਸੰਨ 2000 ਵਿੱਚ ਸਿਡਨੀ (ਆਸਟ੍ਰੇਲੀਆ) ਉਲੰਪਿਕ ਖੇਡਾਂ ਦੌਰਾਨ ਉਪਰੋਕਤ ਸਹੁੰ ਵਿੱਚ ਕੁਝ ਤਬਦੀਲੀ ਕਰਕੇ ਨਸ਼ੇ ਅਤੇ ਡੋਪਿੰਗ ਨੂੰ ਵਰਤਣ ਵਿਰੁੱਧ ਸ਼ਬਦਾਂ ਦੀ ਵਰਤੋਂ ਕੀਤੀ ਗਈ ਅਰਥਾਤ ਨਸ਼ਾ ਅਤੇ ਡੋਪਿੰਗ ਕਰਨ ਵਾਲੇ ਖਿਡਾਰੀ ਇਨ੍ਹਾਂ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਣਗੇ। ਸਹੁੰ ਲੈਣ ਵਾਲਾ ਖਿਡਾਰੀ ਉਲੰਪਿਕ ਝੰਡੇ ਦੇ ਇੱਕ ਕਿਨਾਰੇ ਨੂੰ ਫੜ ਕੇ ਸਾਰੇ ਖਿਡਾਰੀਆਂ ਵੱਲੋਂ ਖੇਡਾਂ ਵਿੱਚ ਸੱਚੀ ਲਗਨ ਅਤੇ ਇਮਾਨਦਾਰੀ ਨਾਲ ਖੇਡਣ ਦੀ ਉਪਰੋਕਤ ਸਹੁੰ ਚੁੱਕਦਾ ਹੈ।
ਸਮਾਪਤੀ ਸਮਾਗਮ (Closing Ceremony)—ਉਲੰਪਿਕ ਖੇਡਾਂ ਦੇ ਆਖ਼ਰੀ ਦਿਨ ਖਿਡਾਰੀਆਂ ਦੀ ਮਾਰਚ-ਪਾਸਟ ਉਪਰੰਤ ਸਮਾਪਤੀ ਦਾ ਭਾਸ਼ਣ ਹੁੰਦਾ ਹੈ ਅਤੇ ਰਸਮੀ ਤੌਰ 'ਤੇ ਉਲੰਪਿਕ ਖੇਡਾਂ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਜਾਂਦਾ ਹੈ। ਅੰਤਰਰਾਸ਼ਟਰੀ ਉਲੰਪਿਕ ਖੇਡਾਂ ਦੇ ਮੁਖੀ ਵੱਲੋਂ ਅਗਲੀਆਂ ਖੇਡਾਂ ਦੇ ਮੇਜ਼ਬਾਨ ਸ਼ਹਿਰ ਦਾ ਐਲਾਨ ਕੀਤਾ ਜਾਂਦਾ ਹੈ। ਸਮਾਪਤੀ ਸਮੇਂ ਉਲੰਪਿਕ ਝੰਡਾ ਉਤਾਰ ਦਿੱਤਾ ਜਾਂਦਾ ਹੈ ਅਤੇ ਅਗਲੀਆਂ ਖੇਡਾਂ ਦੇ ਮੇਜ਼ਬਾਨ ਸ਼ਹਿਰ ਦੇ ਮੇਅਰ ਨੂੰ ਭੇਟ ਕੀਤਾ ਜਾਂਦਾ ਹੈ। ਅੰਤ ਵਿੱਚ ਖੇਡਾਂ ਦੀ ਸ਼ੁਰੂਆਤ ਤੋਂ ਜਗਾਈ ਗਈ ਉਲੰਪਿਕ ਮਸ਼ਾਲ ਬੁਝਾ ਦਿੱਤੀ ਜਾਂਦੀ ਹੈ ਅਤੇ ਅਗਲੀਆਂ ਖੇਡਾਂ ਵਿੱਚ ਮਿਲਣ ਦੀ ਆਸ ਨਾਲ ਖਿਡਾਰੀ ਆਪਣੇ-ਆਪਣੇ ਦੇਸ਼ ਲਈ ਰਵਾਨਾ ਹੋ ਜਾਂਦੇ ਹਨ।
0 Comments
Post a Comment
Please don't post any spam link in this box.